ਦੋਰਾਹਾ ਨਹਿਰ ਦੇ ਪੁਲ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਮਾਂ-ਪੁੱਤ ਦੀ ਮੌਤ
ਦੋਰਾਹਾ, 10 ਅਕਤੂਬਰ,ਬੋਲੇ ਪੰਜਾਬ ਬਿਊਰੋ :
ਦੋਰਾਹਾ ‘ਚ ਨੈਸ਼ਨਲ ਹਾਈਵੇ ‘ਤੇ ਭਿਆਨਕ ਸੜਕ ਹਾਦਸਾ ਵਾਪਰਿਆ। ਦੋਰਾਹਾ ਨਹਿਰ ਦੇ ਪੁਲ ‘ਤੇ ਇਕ ਟਰੱਕ ਨੇ ਇਕ ਔਰਤ ਅਤੇ ਉਸ ਦੇ ਇਕ ਸਾਲ ਦੇ ਮਾਸੂਮ ਬੱਚੇ ਨੂੰ ਕੁਚਲ ਦਿੱਤਾ। ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਔਰਤ ਦਾ ਪਤੀ ਅਤੇ ਦੋ ਹੋਰ ਬੱਚੇ ਵਾਲ ਵਾਲ ਬਚ ਗਏ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।
ਲੁਧਿਆਣਾ ਦੇ ਰਹਿਣ ਵਾਲੇ ਰਾਮੂ ਵਰਮਾ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਜ਼ੀਰਕਪੁਰ ਵਿੱਚ ਹੋ ਰਿਹਾ ਹੈ। ਉਹ ਸਕੂਟਰ ‘ਤੇ ਉੱਥੇ ਜਾ ਰਿਹਾ ਸੀ। ਉਨ੍ਹਾਂ ਦੇ ਨਾਲ ਉਸ ਦੀ ਪਤਨੀ ਮੀਨੂੰ ਵਰਮਾ (35) ਅਤੇ ਤਿੰਨ ਬੇਟੇ ਸਨ। ਦੋਰਾਹਾ ਨਹਿਰ ਦੇ ਪੁਲ ’ਤੇ ਪਿੱਛੇ ਤੋਂ ਆ ਰਹੇ ਇੱਕ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੀ ਪਤਨੀ ਆਪਣੀ ਗੋਦੀ ‘ਚ ਇਕ ਸਾਲ ਦੇ ਬੱਚੇ ਸਮੇਤ ਸੜਕ ‘ਤੇ ਡਿੱਗ ਗਈ। ਟਰੱਕ ਨੇ ਦੋਵਾਂ ਨੂੰ ਕੁਚਲ ਦਿੱਤਾ।
ਲੋਕਾਂ ਨੇ ਰੌਲਾ ਪਾਇਆ ਪਰ ਕਿਸੇ ਨੇ ਪਿੱਛਾ ਕਰਕੇ ਟਰੱਕ ਡਰਾਈਵਰ ਨੂੰ ਨਾ ਫੜਿਆ।ਦੋਰਾਹਾ ਥਾਣੇ ਦੇ ਏਐਸਆਈ ਸਤਪਾਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਤਾਂ ਉਹ ਮੌਕੇ ’ਤੇ ਪੁੱਜੇ। ਔਰਤ ਅਤੇ ਬੱਚੇ ਦੀ ਮੌਤ ਹੋ ਗਈ ਸੀ। ਟਰੱਕ ਡਰਾਈਵਰ ਦਾ ਪਤਾ ਲਗਾਉਣ ਲਈ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਰਾਮੂ ਵਰਮਾ ਦੇ ਬਿਆਨ ਦਰਜ ਕਰਕੇ ਐਫਆਈਆਰ ਦਰਜ ਕੀਤੀ ਹੈ।