ਪ੍ਰਸ਼ਾਦ ਦੇਣ ਬਹਾਨੇ ਬੱਚੇ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਗੁਰਦੁਆਰਾ ਸਾਹਿਬ ਦਾ ਕੀਰਤਨੀ ਬਾਬਾ ਗ੍ਰਿਫਤਾਰ
ਜਗਰਾਓਂ, 9 ਅਕਤੂਬਰ,ਬੋਲੇ ਪੰਜਾਬ ਬਿਊਰੋ :
ਜਗਰਾਓਂ ਦੇ ਸਭ ਤੋਂ ਵੱਡੇ ਗੁਰਦੁਆਰੇ ਵਿੱਚ ਕੀਰਤਨ ਕਰਨ ਵਾਲੇ ਬਾਬੇ ਵਲੋਂ ਇੱਕ ਬੱਚੇ ਨਾਲ ਕੀਤੀਆਂ ਅਸ਼ਲੀਲ ਹਰਕਤਾਂ ਮਾਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਤੇਜ਼ ਹੋ ਗਿਆ।ਸ਼ਿਕਾਇਤ ਮਿਲਣ ’ਤੇ ਪੁਲੀਸ ਨੇ ਮੁਲਜ਼ਮ ਜਸਬੀਰ ਸਿੰਘ ਜੱਸੀ ਵਾਸੀ ਕਾਉਂਕੇ ਕਲਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਪੀੜਤ ਬੱਚੇ ਜਗਰਾਉਂ ਵਾਸੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਛੇਵੀਂ ਜਮਾਤ ਤੋਂ ਬਾਅਦ ਸਕੂਲ ਛੱਡ ਦਿੱਤਾ ਸੀ। ਕਰੀਬ ਤਿੰਨ ਸਾਲ ਪਹਿਲਾਂ ਮੁਲਜ਼ਮ ਬਾਬੇ ਨੇ ਉਸ ਨੂੰ ਆਪਣੇ ਕਮਰੇ ‘ਚ ਬੁਲਾਇਆ ਅਤੇ ਪ੍ਰਸ਼ਾਦ ਦੇਣ ਦੀ ਗੱਲ ਕਹੀ। ਉਹ ਮੁਲਜ਼ਮ ਦੇ ਨਾਲ ਉਸ ਦੇ ਕਮਰੇ ਵਿੱਚ ਚਲਾ ਗਿਆ। ਇਸ ਤੋਂ ਬਾਅਦ ਮੁਲਜ਼ਮ ਬਾਬੇ ਨੇ ਉਸ ਦੇ ਕੱਪੜੇ ਉਤਾਰ ਦਿੱਤੇ ਅਤੇ ਗਲਤ ਹਰਕਤਾਂ ਕਰਨ ਲੱਗਾ ਅਤੇ ਉਸ ਦੇ ਪ੍ਰਾਈਵੇਟ ਪਾਰਟਸ ਨਾਲ ਛੇੜਛਾੜ ਕਰਕੇ ਉਸ ਦੀ ਵੀਡੀਓ ਬਣਾ ਲਈ। ਬਾਬੇ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਇਸ ਸਬੰਧੀ ਕਿਸੇ ਨਾਲ ਗੱਲ ਕੀਤੀ ਤਾਂ ਉਹ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦੇਵੇਗਾ। ਉਸ ਸਮੇਂ ਉਹ ਚੁੱਪ ਰਿਹਾ ਪਰ ਹੁਣ ਉਸ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸ ਦਿੱਤੀ।
ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਸੂਤਰਾਂ ਮੁਤਾਬਕ ਪੁਲਸ ਨੇ ਬਾਬੇ ਨੂੰ ਗ੍ਰਿਫਤਾਰ ਕਰ ਲਿਆ ਹੈ।