ਸਰਪੰਚੀ ਲਈ 2 ਕਰੋੜ ਦੀ ਬੋਲੀ ਲਗਾਉਣ ਵਾਲੇ ਪਿੰਡ ‘ਚ ਗੋਲ਼ੀਬਾਰੀ
ਗੁਰਦਾਸਪੁਰ, 7 ਅਕਤੂਬਰ,ਬੋਲੇ ਪੰਜਾਬ ਬਿਊਰੋ ;
ਪੰਚਾਇਤੀ ਚੋਣਾਂ ਦੌਰਾਨ ਸਰਪੰਚੀ ਲਈ 2 ਕਰੋੜ ਦੀ ਬੋਲੀ ਲਗਾ ਕੇ ਸੁਰਖੀਆਂ ਵਿੱਚ ਆਏ ਪਿੰਡ ਹਰਦੋਵਾਲ ਕਲਾਂ ਇੱਕ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ 6 ਤੋਂ 7 ਹਮਲਾਵਰਾਂ ਨੇ ਇਕ ਘਰ ਦੇ ਮੈਂਬਰਾਂ ‘ਤੇ ਗੋਲੀਬਾਰੀ ਕੀਤੀ ਅਤੇ ਇਕ ਟਰੈਕਟਰ ਦੀ ਵੀ ਭੰਨਤੋੜ ਕੀਤੀ। ਇਸ ਘਟਨਾ ‘ਚ ਘਰ ਦੇ ਮੈਂਬਰ ਵਾਲ-ਵਾਲ ਬਚ ਗਏ, ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ‘ਚ ਸਹਿਮ ਦਾ ਮਾਹੌਲ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਮਾਲੇਵਾਲ ਪੁਲਿਸ ਚੌਕੀ ਦੇ ਇੰਚਾਰਜ ਏ.ਐੱਸ.ਆਈ ਬਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ।ਮੌਕੇ ਤੋਂ 3 ਖਾਲੀ ਕਾਰਤੂਸ ਬਰਾਮਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰ ਦਵਿੰਦਰ ਸਿੰਘ ਤੇ ਉਸਦੇ ਪਰਿਵਾਰ ਨੇ ਦੱਸਿਆ ਕਿ ਉਹ ਆਪਣੇ ਖੇਤਾਂ ਤੋਂ ਘਰ ਪਰਤ ਰਹੇ ਸਨ। ਰਸਤੇ ਵਿੱਚ ਪੁਰਾਣੀ ਰੰਜਿਸ਼ ਕਾਰਨ ਕੁਝ ਨੌਜਵਾਨਾਂ ਨੇ ਉਨ੍ਹਾਂ ਨਾਲ ਲੜਾਈ ਸ਼ੁਰੂ ਕਰ ਦਿੱਤੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਮਾਮੂਲੀ ਤਕਰਾਰ ਤੋਂ ਬਾਅਦ ਉਹ ਵਾਪਸ ਆਪਣੇ ਘਰ ਆ ਗਏ ਅਤੇ ਕੁਝ ਸਮੇਂ ਬਾਅਦ ਨੌਜਵਾਨ ਆਪਣੇ ਦੋਸਤਾਂ ਸਮੇਤ ਉਸ ਦੇ ਘਰ ਆ ਗਏ ਤੇ ਉਨ੍ਹਾਂ ‘ਤੇ ਸਿੱਧੀ ਗੋਲੀਬਾਰੀ ਕਰ ਦਿੱਤੀ।ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।
ਇਸ ਸਬੰਧੀ ਮੌਕੇ ‘ਤੇ ਪਹੁੰਚੇ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ‘ਚ ਕੁਝ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।