ਗੁਰਬਾਣੀ ਦੇ ਗੁਟਕਾ ਸਾਹਿਬ ਤੇ ਪੋਥੀਆਂ ਦੀ ਵੈੱਬਸਾਈਟਾਂ ਨਹੀਂ ਕਰ ਸਕਣਗੀਆਂ ਆਨਲਾਈਨ ਵਿਕਰੀ: ਐਡਵੋਕੇਟ ਧਾਮੀ

ਚੰਡੀਗੜ੍ਹ ਪੰਜਾਬ

ਗੁਰਬਾਣੀ ਦੇ ਗੁਟਕਾ ਸਾਹਿਬ ਤੇ ਪੋਥੀਆਂ ਦੀ ਵੈੱਬਸਾਈਟਾਂ ਨਹੀਂ ਕਰ ਸਕਣਗੀਆਂ ਆਨਲਾਈਨ ਵਿਕਰੀ: ਐਡਵੋਕੇਟ ਧਾਮੀ

ਅਮ੍ਰਿਤਸਰ 7 ਅਕਤੂਬਰ ,ਬੋਲੇ ਪੰਜਾਬ ਬਿਊਰੋ ;

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ, ਸਿੱਖ ਇਤਿਹਾਸ ਰੀਸਰਚ ਬੋਰਡ ਅਤੇ ਐਜੂਕੇਸ਼ਨ ਕਮੇਟੀ ਦੀਆਂ ਵੱਖ-ਵੱਖ ਤਿੰਨ ਅਹਿਮ ਇਕੱਤਰਤਾਵਾਂ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਵੱਲ੍ਹਾ ਸ੍ਰੀ ਅੰਮ੍ਰਿਤਸਰ ਵਿਖੇ ਹੋਈਆਂ। ਇਸ ਦੌਰਾਨ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਰੂਪ ਰੇਖਾ ਦੇ ਨਾਲ-ਨਾਲ ਸਿੱਖ ਸਾਹਿਤ ਦੀਆਂ ਨਵੀਆਂ ਪ੍ਰਕਾਸ਼ਨਾਵਾਂ ਅਤੇ ਵਿਦਿਅਕ ਅਦਾਰਿਆਂ ਦੇ ਮਾਮਲੇ ਵਿਚਾਰੇ ਗਏ।
ਇਕੱਤਰਤਾਵਾਂ ਮਗਰੋਂ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰ ਇਤਿਹਾਸਕ ਗੁਰਦੁਆਰਾ ਸਾਹਿਬਾਨ ਅੰਦਰ ਸੰਗਤ ਵੱਲੋਂ ਸ਼ਰਧਾ ਤੇ ਸਤਿਕਾਰ ਵਜੋਂ ਵੱਡੀ ਗਿਣਤੀ ਵਿਚ ਰੁਮਾਲਾ ਸਾਹਿਬ ਭੇਟ ਕੀਤੇ ਜਾਂਦੇ ਹਨ, ਪਰੰਤੂ ਅਕਸਰ ਹੀ ਰੁਮਾਲਿਆਂ ਦੀ ਗੁਣਵਤਾ ਤੇ ਮਿਆਰ ਠੀਕ ਨਹੀਂ ਹੁੰਦਾ। ਇਸ ਦੇ ਨਾਲ ਹੀ ਰੁਮਾਲਿਆਂ ਦੀ ਬਹੁਤਾਤ ਕਾਰਨ ਸਾਂਭ-ਸੰਭਾਲ ਵਿਚ ਵੱਡੀ ਸਮੱਸਿਆ ਬਣਦੀ ਹੈ। ਇਸ ਦੇ ਮੱਦੇਨਜ਼ਰ ਵਿਚਾਰ-ਵਟਾਂਦਰੇ ਉਪਰੰਤ ਇਹ ਫੈਸਲਾ ਕੀਤਾ ਗਿਆ ਹੈ ਕਿ ਗੁਰਦੁਆਰਾ ਸਾਹਿਬਾਨ ਅੰਦਰ ਵਿਸ਼ੇਸ਼ ਕਾਊਂਟਰ ਸਥਾਪਤ ਕੀਤੇ ਜਾਣਗੇ, ਜਿਥੇ ਸੰਗਤ ਰੁਮਾਲਾ ਸਾਹਿਬ ਲਈ ਯਥਾਸ਼ਕਤ ਭੇਟਾ ਜਮ੍ਹਾਂ ਕਰਵਾ ਸਕੇਗੀ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਸਥਾਪਤ ਕੀਤੇ ਜਾਣ ਵਾਲੇ ਕਾਊਂਟਰਾਂ ’ਤੇ ਸ਼ਰਧਾ ਅਨੁਸਾਰ ਰੁਮਾਲਿਆਂ ਲਈ ਭੇਟਾ ਜਮ੍ਹਾਂ ਕਰਵਾ ਕੇ ਰਸੀਦ ਪ੍ਰਾਪਤ ਕਰਨ ਤੇ ਗੁਰੂ ਦਰਬਾਰ ਅੰਦਰ ਰਸੀਦ ਦਿਖਾ ਕੇ ਅਰਦਾਸ ਕਰਵਾਉਣ। ਉਨ੍ਹਾਂ ਕਿਹਾ ਕਿ ਰੁਮਾਲਾ ਸਾਹਿਬ ਲਈ ਪੁੱਜਣ ਵਾਲੀ ਭੇਟਾ ਕੌਮ ਦੇ ਉਜਲੇ ਭਵਿੱਖ ਲਈ ਵਰਤੀ ਜਾਵੇਗੀ।
ਉਨ੍ਹਾਂ ਇਹ ਵੀ ਦੱਸਿਆ ਕਿ ਸਿਰੋਪਾਓ ਦੀ ਵਰਤੋਂ ਇਸ ਦੀ ਭਾਵਨਾ ਅਤੇ ਧਾਰਮਿਕ ਮਹੱਤਵ ਅਨੁਸਾਰ ਯਕੀਨੀ ਬਣਾਉਣ ਲਈ ਬੀਤੇ ਵਿਚ ਸ਼ੁਰੂ ਕੀਤੇ ਗਏ ਯਤਨਾਂ ਨੂੰ ਹੋਰ ਪੁਖ਼ਤਗੀ ਨਾਲ ਲਾਗੂ ਕੀਤਾ ਜਾਵੇਗਾ। ਇਸ ਨੂੰ ਸੰਕੋਚ ਕੇ ਕੇਵਲ ਧਾਰਮਿਕ ਤੇ ਪੰਥਕ ਸ਼ਖ਼ਸੀਅਤਾਂ ਤੱਕ ਹੀ ਸੀਮਤ ਕੀਤਾ ਜਾਵੇਗਾ। ਐਡਵੋਕੇਟ ਧਾਮੀ ਨੇ ਹੋਰ ਫੈਸਲਿਆਂ ਬਾਰੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਜੀ ਦੀ 400 ਸਾਲਾ ਜਨਮ ਸ਼ਤਾਬਦੀ ਇਸੇ ਸਾਲ 22 ਨਵੰਬਰ ਨੂੰ ਗੁਰਦੁਆਰਾ ਗੰਗਸਰ ਸਾਹਿਬ ਕਰਤਾਰਪੁਰ ਜਲੰਧਰ ਵਿਖੇ ਪੰਥਕ ਜਾਹੋ-ਜਲਾਲ ਨਾਲ ਮਨਾਈ ਜਾਵੇਗੀ।
ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਵਿਚ ਵੱਖ-ਵੱਖ ਈ-ਕੌਮਰਸ ਵੈੱਬਸਾਈਟਾਂ ਤੇ ਐਪਸ ’ਤੇ ਪਾਵਨ ਗੁਰਬਾਣੀ ਦੇ ਗੁਟਕਾ ਸਾਹਿਬ, ਸੈਂਚੀਆਂ ਦੀ ਕੀਤੀ ਜਾ ਰਹੀ ਆਨਲਾਈਨ ਵਿਕਰੀ ਦਾ ਵੀ ਸਖ਼ਤ ਨੋਟਿਸ ਲੈ ਕੇ ਇਸ ’ਤੇ ਮੁਕੰਮਲ ਪਾਬੰਦੀ ਲਗਾਉਣ ਦਾ ਮਤਾ ਪਾਸ ਕੀਤਾ ਗਿਆ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਮਾਮਲਾ ਬੇਹੱਦ ਗੰਭੀਰ ਹੈ, ਕਿਉਂਕਿ ਇਸ ਨਾਲ ਗੁਰਬਾਣੀ ਦੀ ਮਾਣ-ਮਰਯਾਦਾ ਤੇ ਸਤਿਕਾਰ ਨੂੰ ਢਾਅ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਪਾਸ ਕੀਤੇ ਗਏ ਮਤੇ ਵਿਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪੰਜ ਸਿੰਘ ਸਾਹਿਬਾਨ ਦੀ ਬੈਠਕ ਵਿਚ ਇਸ ’ਤੇ ਕੌਮ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਨ, ਤਾਂ ਜੋ ਇਸ ਵਰਤਾਰੇ ਨੂੰ ਠੱਲ੍ਹ ਪੈ ਸਕੇ।

Leave a Reply

Your email address will not be published. Required fields are marked *