ਹਵਾਈ ਸੈਨਾ ਨੇ ਤਿੰਨ ਦਿਨਾਂ ਤੋਂ ਹਿਮਾਲਿਆ ’ਚ ਫਸੀਆਂ ਬ੍ਰਿਟੇਨ ਅਤੇ ਅਮਰੀਕਾ ਦੀਆਂ ਦੋ ਮਹਿਲਾ ਪਰਬਤਾਰੋਹੀਆਂ ਨੂੰ ਬਚਾਇਆ

ਚੰਡੀਗੜ੍ਹ ਨੈਸ਼ਨਲ ਪੰਜਾਬ

ਹਵਾਈ ਸੈਨਾ ਨੇ ਤਿੰਨ ਦਿਨਾਂ ਤੋਂ ਹਿਮਾਲਿਆ ’ਚ ਫਸੀਆਂ ਬ੍ਰਿਟੇਨ ਅਤੇ ਅਮਰੀਕਾ ਦੀਆਂ ਦੋ ਮਹਿਲਾ ਪਰਬਤਾਰੋਹੀਆਂ ਨੂੰ ਬਚਾਇਆ

ਨਵੀਂ ਦਿੱਲੀ, 6 ਅਕਤੂਬਰ ,ਬੋਲੇ ਪੰਜਾਬ ਬਿਊਰੋ :

ਹਵਾਈ ਸੈਨਾ ਨੇ ਉੱਤਰਾਖੰਡ ਦੀ ਚੌਖੰਬਾ 3 ਚੋਟੀ ‘ਤੇ ਚੜ੍ਹਨ ਦੀ ਕੋਸ਼ਿਸ਼ ਦੌਰਾਨ ਤਿੰਨ ਦਿਨਾਂ ਤੋਂ ਫਸੀਆਂ ਦੋ ਵਿਦੇਸ਼ੀ ਮਹਿਲਾ ਪਰਬਤਾਰੋਹੀਆਂ ਨੂੰ ਐਤਵਾਰ ਸਵੇਰੇ 60 ਘੰਟਿਆਂ ਤੱਕ ਦੇ ਆਪਰੇਸ਼ਨ ਤੋਂ ਬਾਅਦ ਸੁਰੱਖਿਅਤ ਬਚਾ ਲਿਆ ਹੈ। ਅਮਰੀਕਾ ਦੀ ਮਿਸ਼ੇਲ ਥੇਰੇਸਾ ਡਵੋਰਕ ਅਤੇ ਬ੍ਰਿਟੇਨ ਦੀ ਫੇ ਜੇਨ ਮੈਨਰਜ਼ 3 ਅਕਤੂਬਰ ਤੋਂ 6,015 ਮੀਟਰ ਦੀ ਉਚਾਈ ‘ਤੇ ਫਸੀਆਂ ਹੋਈਆਂ ਸਨ। ਉਨ੍ਹਾਂ ਦਾ ਜ਼ਰੂਰੀ ਬੈਗ ਜਿਸ ਵਿਚ ਖਾਣ-ਪੀਣ ਅਤੇ ਚੜ੍ਹਨ ਦਾ ਸਾਮਾਨ ਸੀ, ਇਕ ਖਾਈ ਵਿਚ ਡਿੱਗ ਗਿਆ ਸੀ, ਜਿਸ ਤੋਂ ਬਾਅਦ ਦੋਵਾਂ ਵਿਦੇਸ਼ੀ ਔਰਤਾਂ ਨੇ ਇਕ ਮਹਿਲਾ ਦੋਸਤ ਤੋਂ ਮਦਦ ਮੰਗੀ ਸੀ।

ਅਮਰੀਕਾ ਦੀ ਮਿਸ਼ੇਲ ਥੇਰੇਸਾ ਡਵੋਰਕ ਅਤੇ ਯੂਨਾਈਟਿਡ ਕਿੰਗਡਮ ਦੀ ਫੇ ਜੇਨ ਮੈਨਰਜ਼ 15 ਸਤੰਬਰ ਨੂੰ ਦਿੱਲੀ ਪਹੁੰਚੀਆਂ ਸਨ। ਦੋਵੇਂ ਵਿਦੇਸ਼ੀ ਪਰਬਤਾਰੋਹੀ 2022 ਵਿੱਚ ਬਣਾਏ ਗਏ ਰਿਕਾਰਡ ਨੂੰ ਤੋੜਨਾ ਚਾਹੁੰਦੀਆਂ ਸਨ, ਜੋ ਕਿ ਭਾਰਤੀ ਮੂਲ ਦੇ ਪਿਤਾ ਅਜੀਤ ਅਤੇ ਧੀ ਦੀਆ ਬਜਾਜ ਦੁਆਰਾ 6,200 ਮੀਟਰ ਦੀ ਉਚਾਈ ‘ਤੇ ਉੱਤਰੀ ਅਮਰੀਕਾ ਦੀ ਸਭ ਤੋਂ ਉੱਚੀ ਚੋਟੀ ਡੇਨਾਲੀ ‘ਤੇ ਚੜ੍ਹ ਕੇ ਬਣਾਇਆ ਸੀ। ਦੋਵੇਂ ਤਜਰਬੇਕਾਰ ਮਹਿਲਾ ਪਰਬਤਾਰੋਹੀ ਭਾਰਤੀ ਪਰਬਤਾਰੋਹੀ ਫਾਊਂਡੇਸ਼ਨ ਵੱਲੋਂ ਆਯੋਜਿਤ ਇੱਕ ਵਿਦੇਸ਼ੀ ਪਰਬਤਾਰੋਹੀ ਮੁਹਿੰਮ ਵਿੱਚ ਸ਼ਾਮਲ ਹੋਈਆਂ ਅਤੇ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ 6,995 ਮੀਟਰ ਦੀ ਉਚਾਈ ‘ਤੇ ਸਥਿਤ ਚੌਖੰਬਾ 3 ਚੋਟੀ ‘ਤੇ ਚੜ੍ਹਨਾ ਸ਼ੁਰੂ ਕੀਤਾ।

ਹਵਾਈ ਸੈਨਾ ਦੇ ਅਨੁਸਾਰ, ਸਿਖਰ ‘ਤੇ ਪਹੁੰਚਣ ਦੀ ਕੋਸ਼ਿਸ਼ ਕਰਦੇ ਸਮੇਂ, ਇਨ੍ਹਾਂ ਪਰਬਤਾਰੋਹੀਆਂ ਦਾ ਬੈਕਪੈਕ, ਜਿਸ ਵਿੱਚ ਉਨ੍ਹਾਂ ਦਾ ਭੋਜਨ ਅਤੇ ਚੜ੍ਹਨ ਦਾ ਸਾਮਾਨ ਸੀ, 6,015 ਮੀਟਰ ਦੀ ਉਚਾਈ ਤੋਂ ਡਿੱਗ ਗਿਆ। ਇੰਨੀ ਉਚਾਈ ‘ਤੇ ਫਸਣ ਤੋਂ ਬਾਅਦ ਦੋਵਾਂ ਔਰਤਾਂ ਨੇ 3 ਅਕਤੂਬਰ ਨੂੰ ਪੇਜਰ ਰਾਹੀਂ ਆਪਣੀ ਦੋਸਤ ਸ਼ਵੇਤਾ ਸ਼ਰਮਾ ਨਾਲ ਸੰਪਰਕ ਕੀਤਾ ਅਤੇ 6,015 ਮੀਟਰ ਦੀ ਉਚਾਈ ‘ਤੇ ਫਸੇ ਹੋਣ ਦੀ ਜਾਣਕਾਰੀ ਦਿੱਤੀ। ਦੋਹਾਂ ਔਰਤਾਂ ਨਾਲ ਇਹ ਆਖਰੀ ਵਾਰਤਾਲਾਪ ਸੀ। ਇਸ ਤੋਂ ਬਾਅਦ ਉੱਤਰਾਖੰਡ ਦੀ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਅਤੇ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਨੂੰ ਜਾਣਕਾਰੀ ਦਿੱਤੀ ਗਈ। ਇਸ ‘ਤੇ ਐਸਡੀਆਰਐਫ ਨੇ ਭਾਰਤੀ ਹਵਾਈ ਸੈਨਾ ਤੋਂ ਮਦਦ ਮੰਗੀ।

ਭਾਰਤੀ ਹਵਾਈ ਸੈਨਾ ਨੇ ਦੋ ਵਿਦੇਸ਼ੀ ਮਹਿਲਾ ਪਰਬਤਾਰੋਹੀਆਂ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਐਸਡੀਆਰਐਫ ਅਤੇ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੇ ਨਾਲ ਇੱਕ ਸੰਯੁਕਤ ਆਪ੍ਰੇਸ਼ਨ ਸ਼ੁਰੂ ਕੀਤਾ। ਸ਼ੁੱਕਰਵਾਰ ਨੂੰ ਭਾਰਤੀ ਹਵਾਈ ਸੈਨਾ ਦੇ ਦੋ ਹੈਲੀਕਾਪਟਰਾਂ ਨੇ ਉਨ੍ਹਾਂ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਕੋਹਰੇ ਅਤੇ ਪ੍ਰਤੀਕੂਲ ਮੌਸਮ ਕਾਰਨ ਖੋਜ ਅਤੇ ਬਚਾਅ ਕਾਰਜਾਂ ਵਿੱਚ ਰੁਕਾਵਟ ਆਉਣ ਕਰਕੇ ਪਰਬਤਾਰੋਹ ਵਿੱਚ ਸਿਖਲਾਈ ਪ੍ਰਾਪਤ ਐਸਡੀਆਰਐਫ ਦੇ ਜਵਾਨਾਂ ਨੇ ਸ਼ਨੀਵਾਰ ਨੂੰ ਖੋਜ ਅਤੇ ਬਚਾਅ ਕਾਰਜਾਂ ਦਾ ਸਮਰਥਨ ਕੀਤ। ਕਰੀਬ 60 ਘੰਟੇ ਤੱਕ ਚੱਲੇ ਆਪ੍ਰੇਸ਼ਨ ਤੋਂ ਬਾਅਦ ਏਅਰਫੋਰਸ ਨੇ ਐਤਵਾਰ ਸਵੇਰੇ ਦੋਵੇਂ ਵਿਦੇਸ਼ੀ ਮਹਿਲਾ ਪਰਬਤਰੋਹੀਆਂ ਨੂੰ ਸੁਰੱਖਿਅਤ ਬਚਾ ਲਿਆ। ਤਿੰਨ ਦਿਨ ਫਸੇ ਰਹਿਣ ਤੋਂ ਬਾਅਦ ਥੱਕ ਜਾਣ ਦੇ ਬਾਵਜੂਦ ਦੋਵੇਂ ਔਰਤਾਂ ਮੁਸਕਰਾ ਰਹੀਆਂ ਸਨ। ਇਸ ਤੋਂ ਬਾਅਦ ਅਮਰੀਕਾ ਦੀ ਮਿਸ਼ੇਲ ਥੇਰੇਸਾ ਡਵੋਰਕ ਅਤੇ ਬ੍ਰਿਟੇਨ ਦੀ ਫੇ ਜੇਨ ਮੈਨਰਜ਼ ਨੂੰ ਜੋਤੀਰਮਠ (ਜੋਸ਼ੀਮਠ) ਹੈਲੀਪੈਡ ‘ਤੇ ਲਿਆਂਦਾ ਗਿਆ।

ਹਵਾਈ ਸੈਨਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਮਰੀਕਾ ਅਤੇ ਬ੍ਰਿਟੇਨ ਦੀਆਂ ਪਰਬਤਾਰੋਹੀਆਂ ਦਾ ਬਚਾਅ ਭਾਰਤੀ ਹਵਾਈ ਸੈਨਾ ਦੀ ਲਚਕਤਾ ਅਤੇ ਹੁਨਰ ਦਾ ਪ੍ਰਮਾਣ ਹੈ। ਦੋ ਦਿਨਾਂ ਤੱਕ ਖਰਾਬ ਮੌਸਮ ਨਾਲ ਜੂਝਣ ਤੋਂ ਬਾਅਦ, ਭਾਰਤੀ ਹਵਾਈ ਸੈਨਾ ਦੇ ਚੀਤਾ ਹੈਲੀਕਾਪਟਰ ਨੇ 17,400 ਫੁੱਟ ਦੀ ਉਚਾਈ ਤੋਂ ਪਰਬਤਾਰੋਹੀਆਂ ਨੂੰ ਏਅਰਲਿਫਟ ਕਰਨ ਲਈ ਚਰਮ ਸਥਿਤੀਆਂ ਵਿੱਚ ਸ਼ਾਨਦਾਰ ਤਾਲਮੇਲ ਦਾ ਪ੍ਰਦਰਸ਼ਨ ਕੀਤਾ। ਚੀਤਾ ਪਾਇਲਟਾਂ ਨੇ 18,500 ਫੁੱਟ ਦੀ ਚੁਣੌਤੀਪੂਰਨ ਉਚਾਈ ‘ਤੇ ਬੇਮਿਸਾਲ ਉਡਾਣ ਦੇ ਹੁਨਰ ਨੂੰ ਪ੍ਰਦਰਸ਼ਿਤ ਕਰਦੇ ਹੋਏ ਇਸ ਬਚਾਅ ਮਿਸ਼ਨ ਨੂੰ ਸਫਲਤਾਪੂਰਵਕ ਪੂਰਾ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੋ ਮਹਿਲਾ ਪਰਬਤਾਰੋਹੀਆਂ ਦੇ ਸ਼ਾਨਦਾਰ ਬਚਾਅ ਅਤੇ ਨਿਕਾਸੀ ਕਾਰਜ ਲਈ ਸਾਨੂੰ ਆਪਣੀਆਂ ਹਥਿਆਰਬੰਦ ਸੈਨਾਵਾਂ ‘ਤੇ ਮਾਣ ਹੈ।

Leave a Reply

Your email address will not be published. Required fields are marked *