ਮਨਪ੍ਰੀਤ ਬਾਦਲ ਦੀਆਂ ਸਰਗਰਮੀਆਂ ਨੇ ਸਿਆਸੀ ਗਲਿਆਰੇ ਕੀਤੇ ਗਰਮ
ਚੰਡੀਗੜ੍ਹ, 3 ਅਕਤੂਬਰ ,ਬੋਲੇ ਪੰਜਾਬ ਬਿਊਰੋ :
ਪੀਪੀਪੀ ਦੇ ਆਗੂ ਤੇ ਸਾਬਕਾ ਵਿੱਤ ਮੰਤਰੀ ਤੇ ਮੌਜੂਦਾ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਵੱਲੋਂ ਜਿਮਨੀ ਚੋਣ ਤੋਂ ਪਹਿਲਾਂ ਗਿੱਦੜਬਾਹਾ ਹਲਕੇ ’ਚ ਸ਼ੁਰੂ ਕੀਤੀਆਂ ਸਰਗਰਮੀਆਂ ਨੇ ਸਿਆਸੀ ਗਲਿਆਰੇ ਗਰਮ ਕਰ ਦਿੱਤੇ ਹਨ ਹਾਲਾਂਕਿ ਪਰਦੇ ਦੇ ਓਹਲੇ ’ਚ ਤਾਂ ਪਿਛਲੇ ਲੰਮੇ ਸਮੇਂ ਤਾਂ ਸਰਗਰਮੀਆਂ ਚੱਲ ਰਹੀਆਂ ਸਨ ਮਨਪ੍ਰੀਤ ਬਾਦਲ ਸੋਮਵਾਰ ਨੂੰ ਗਿੱਦੜਬਾਹਾ ਪਿੰਡ ਦੇ ਲੋਕਾਂ ਵੱਲੋਂ ਆਪਣੀਆਂ ਮੰਗਾਂ ਲਈ ਸ਼ੁਰੂ ਕੀਤੇ ਲਗਾਤਾਰ ਧਰਨੇ ’ਚ ਸ਼ਾਮਲ ਹੋਏ ਅਤੇ ਆਪਣੇ ਦਿਲ ਦੀਆਂ ਗੱਲ ਰੱਖੀਆਂ ਜੋਕਿ ਇੱਕ ਤਰਾਂ ਨਾਲ ਸਿਆਸੀ ਇਸ਼ਾਰਾ ਹੀ ਮੰਨਿਆ ਜਾ ਰਿਹਾ ਹੈ। ਭਾਵੇਂ ਹਾਲੇ ਇਸ ਹਲਕੇ ’ਚ ਚੋਣ ਅਮਲ ਸ਼ੁਰੂ ਹੋਣ ਨੂੰ ਵਕਤ ਹੈ, ਪਰ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀਆਂ ਗਿੱਦੜਬਾਹਾ ਸ਼ਹਿਰ ’ਚ ਲਗਾਤਾਰ ਸਰਗਰਮੀਆਂ ਤੋਂ ਨਵੇਂ ਚਰਚੇ ਛਿੜੇ ਹਨ।ਬਾਦਲ ਦੀ ਭਾਜਪਾ ਦੇ ਇੱਕ ਚੋਟੀ ਦੇ ਆਗੂ ਨਾਲ ਨੇੜਤਾ ਨੇ ਚਰਚਾ ਨੂੰ ਹੋਰ ਖੰਭ ਲਾ ਦਿੱਤੇ ਹਨ ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਜਿਮਨੀ ’ਚੋਣ ’ਚ ਗਿੱਦੜਬਾਹਾ ਹਲਕੇ ਤੋਂ ਲੜਨਾ ਤੈਅ ਹੈ। ਭਾਜਪਾ ਹਾਈਕਮਾਂਡ ਨਵੇਂ ਉਭਰ ਰਹੇ ਸਿਆਸੀ ਹਾਲਾਤ ਦੇ ਮੱਦੇਨਜ਼ਰ ਮਨਪ੍ਰੀਤ ਬਾਦਲ ਨੂੰ ਅੱਗੇ ਕਰ ਸਕਦੀ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਨੇ ਜਿਮਨੀ ਚੋਣ ਲੜਨ ਦੀ ਗੱਲ ਸਿੱਧੀ ਤਾਂ ਨਹੀਂ ਕਬੂਲੀ ਪਰ ਇਨਕਾਰ ਵੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇੰਨ੍ਹਾਂ ਗਲੀਆਂ ’ਚ ਉਸ ਨੇ ਪੰਦਰਾਂ ਸਾਲ ਬਾਅਦ ਪੈਰ ਪਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਮੈਂ ਨਾਂ ਜਾਂਦਾ ਤਾਂ ਸ਼ਾਇਦ ਇਹ ਸਮੱਸਿਆਵਾਂ ਆਉਣੀਆਂ ਸਨ ਜੋ ਪਿੰਡ ਗਿੱਦੜਬਾਹਾ ਦੇ ਲੋਕ ਹੁਣ ਆਪਣੇ ਪਿੰਡੇ ਤੇ ਹੰਢਾ ਰਹੇ ਹਨ।
ਉਨ੍ਹਾਂ ਕਿਹਾ ਕਿ ਹੁਣ ਵੀ ਬਹੁਤ ਲੋਕ ਕਹਿੰਦੇ ਸਨ ਕਿ ਮਨਪ੍ਰੀਤ ਤੂੰ ਸਾਨੂੰ ਛੱਡਕੇ ਨਹੀਂ ਜਾਣਾ ਸੀ। ਉਨ੍ਹਾਂ ਕਿਹਾ ਕਿ ਜਿੱਥੇ ਕਿਸਮਤ ਲਿਜਾਂਦੀ ਹੈ ਉੱਥੇ ਚੋਗ ਚੁਗਣੀ ਪੈਂਦੀ ਹੈ। ਮਨਪ੍ਰੀਤ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਮੈਂ ਬਠਿੰਡਾ ਤੋਂ ਵਿਧਾਇਕ ਬਣਿਆ ਸੀ ਤਾਂ ਉੱਥੇ ਵੀ ਇੱਕ ਲਾਈਨੋਪਾਰ ਇਲਾਕਾ ਹੈ ਤਾਂ ਉਥੇ ਲੋਕਾਂ ਨੇ ਮੰਗ ਕੀਤੀ ਕਿ ਸਾਨੂੰ ਪੁਲ ਬਣਾਕੇ ਦਿਓ। ਉਨ੍ਹਾਂ ਕਿਹਾ ਕਿ ਜਦੋਂ ਰੇਲਵੇ ਮਹਿਕਮੇ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਕਿ ਪੁਲ ਬਣ ਹੀ ਨਹੀਂ ਸਕਦਾ ਪਰ ਉਨ੍ਹਾਂ ਦੇ ਯਤਨਾਂ ਸਦਕਾ ਅੱਜ ਪੁਲ ਬਣਨ ਦੇ ਨਜ਼ਦੀਕ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਾਪਦਾ ਹੈ ਕਿ ਗਿੱਦੜਬਾਹਾ ਦੇ ਪੁਰਾਣੇ ਲੀਡਰਾਂ ਤੋਂ ਇਹ ਮਸਲਾ ਹੱਲ ਹੋਣਾ ਨਹੀਂ ਹੈ।ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਦਿੱਲੀ ਜਾਣਗੇ ਅਤੇ ਰੇਲਵੇ ਮੰਤਰੀ ਤੋਂ ਉਹ ਅੰਡਰਬਰਿੱਜ ਅਤੇ ਓਵਰਬਰਿੱਜ ਤੋਂ ਇਸ ਸਬੰਧ ’ਚ ਵਾਅਦਾ ਲੈਕੇ ਆਉਣਗੇ। ਉਨ੍ਹਾਂ ਕਿਹਾ ਕਿ ਮੈਂ ਪ੍ਰਮਾਤਮਾ ਤੋਂ ਡਰਕੇ ਇਹ ਕਹਿਨਾਂ ਹਾਂ ਕਿ ਪਿੰਡ ਵਾਸੀਆਂ ਦਾ ਕੰਮ ਕਰਵਾਇਆ ਜਾਏਗਾ। ਉਨ੍ਹਾਂ ਕਿਹਾ ਕਿ ਬੈਂਕ ਦੇ ਸਬੰਧ ’ਚ ਵੀ ਉਹ ਭਾਰਤ ਸਰਕਾਰ ਨਾਲ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਸਕੂਲ ਦਾ ਸਵਾਲ ਹੈ ਉਹ ਪੰਜਾਬ ਸਰਕਾਰ ਦੇ ਹੱਥ ਹੈ ਜੋ ਕੇ ਨੰਗ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਤਾਂ ਆਪਣੇ ਮੁਲਾਜਮਾਂ ਨੂੰ ਤਨਖਾਹ ਦੇਣ ਲਈ ਪੈਸੇ ਵੀ ਨਹੀਂ ਹਨ। ਉਨ੍ਹਾਂ ਕਿਹਾ ਕਿ ਕਦੇ ਗਿੱਦੜਬਾਹਾ ਹਲਕਾ ਨੰਬਰ ਵਨ ਹੁੰਦਾ ਸੀ।ਉਨ੍ਹਾਂ ਕਿਹਾ ਕਿ ਜਦੋਂ ਤੱਕ ਉਹ ਐਮਐਲਏ ਹੁੰਦੇ ਸਨ ਗਿੱਦੜਬਾਹਾ ਨੰਬਰ ਵਾਲੀ ਪੀਬੀ 60 ਗੱਡੀ ਦਾ ਚਲਾਨ ਨਹੀਂ ਹੁੰਦਾ ਸੀ। ਦੱਸਣਯੋਗ ਹੈ ਕਿ ਮਨਪ੍ਰੀਤ ਬਾਦਲ ਨੇ ਗਿੱਦੜਬਾਹਾ ਹਲਕੇ ਤੋਂ 1997 ਤੋਂ ਲੈ ਕੇ 2007 ਤੱਕ ਅਕਾਲੀ ਦਲ ਵੱਲੋਂ ਜਿੱਤ ਦੀ ਹੈਟ੍ਰਿਕ ਲਾਈ ਸੀ । ਸਾਲ 2012 ਦੀਆਂ ਚੋਣਾਂ ਵਿੱਚ ਉਨ੍ਹਾਂ ਅਕਾਲੀ ਦਲ ਨਾਲੋਂ ਵੱਖ ਹੋ ਕੇ ਆਪਣੀ ਪਾਰਟੀ ਪੀਪਲਜ਼ ਪਾਰਟੀ ਆਫ਼ ਪੰਜਾਬ ਬਣਾਈ ਤੇ ਚੋਣਾਂ ਲੜੀਆਂ ਸਨ। ਮਨਪ੍ਰੀਤ ਬਾਦਲ ਦੀ ਪਾਰਟੀ ਨੂੰ ਇੱਕ ਵੀ ਸੀਟ ਨਹੀਂ ਮਿਲੀ ਅਤੇ ਉਹ ਖ਼ੁਦ ਵੀ ਚੋਣ ਹਾਰ ਗਏ ਸਨ। ਇਸ ਤੋਂ ਬਾਅਦ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਅਤੇ 2017 ਵਿੱਚ ਬਠਿੰਡਾ ਸ਼ਹਿਰੀ ਤੋਂ ਵਿਧਾਇਕ ਬਣੇ ਅਤੇ ਬਾਅਦ ’ਚ ਉਨ੍ਹਾਂ ਨੂੰ ਪੰਜਾਬ ਦੇ ਖ਼ਜ਼ਾਨਾ ਮੰਤਰੀ ਬਣਾਇਆ ਗਿਆ ਸੀ।