ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ ਦੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ ਦਾ ਸੱਚਖੰਡ ਗਮਨ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਚੰਡੀਗੜ੍ਹ ਪੰਜਾਬ

ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ ਦੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ ਦਾ ਸੱਚਖੰਡ ਗਮਨ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ


ਮੋਹਾਲੀ 3 ਅਕਤੂਬਰ ,ਬੋਲੇ ਪੰਜਾਬ ਬਿਊਰੋ :

ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸਿੱਖ ਪੰਥ ਦੀ ਮਹਾਨ ਸਖਸ਼ੀਅਤ ਅਤੇ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ ਦੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ ਦਾ ਸੱਚਖੰਡ ਗਮਨ ਦਿਵਸ ਸ਼ਰਧਾ ਭਾਵਨਾ ਮਨਾਇਆ ਗਿਆ । ਇਸ ਦਿਹਾੜੇ ਦੇ ਸਬੰਧ ਵਿੱਚ ਸਵੇਰੇ 9:00 ਵਜੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਇਸ ਉਪਰੰਤ ਸਾਰਾ ਦਿਨ ਵਿਸ਼ੇਸ਼ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ । ਇਸ ਧਾਰਮਿਕ ਸਮਾਗਮ ਵਿੱਚ ਬਾਬਾ ਦੀਪ ਸਿੰਘ ਜੀ ਦੇ ਕਵੀਸ਼ਰੀ ਜੱਥੇ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਜੀਵਨ ਬ੍ਰਿਤਾਂਤ ਅਤੇ 125 ਸਾਲ ਵਿੱਚ ਸੱਚਖੰਡ ਗਮਨ ਹੋਣ ਬਾਰੇ ਸੰਗਤਾਂ ਨੂੰ ਕਵੀਸ਼ਰੀ ਵਾਰਾਂ ਵਿੱਚ ਵਿਸਥਾਰ ਸਹਿਤ ਸੁਣਾਇਆ। ਸ਼੍ਰੋਮਣੀ ਪ੍ਰਚਾਰਕ ਭਾਈ ਜਰਨੈਲ ਸਿੰਘ ਜੀ ਲੁਧਿਆਣੇ ਵਾਲਿਆਂ ਨੇ ਦੱਸਿਆ ਕਿ ਬਾਬਾ ਬੁੱਢਾ ਜੀ ਨੂੰ 5 ਗੁਰੂ ਸਾਹਿਬਾਨ ਜੀ ਨੂੰ ਗੁਰਿਆਈ ਦਾ ਤਿਲਕ ਲਗਾਉਣ ਅਤੇ 9 ਗੁਰੂ ਸਾਹਿਬਾਨ ਜੀ ਦੇ ਦਰਸ਼ਨ ਕਰਨ ਦਾ ਮਾਣ ਹਾਸਲ ਹੈ। ਸ਼੍ਰੋਮਣੀ ਪ੍ਰਚਾਰਕ ਭਾਈ ਸੁਖਵਿੰਦਰ ਸਿੰਘ ਜੀ ਨੇ ਆਪਣੇ ਪ੍ਰਵਚਣਾਂ ਰਾਹੀਂ ਦਸਿੱਆ ਕਿ ਬਾਬਾ ਬੂੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਪ੍ਰਤਾਪੀ ਪੁੱਤਰ ਹੋਣ ਦਾ ਵਰ ਦਿੱਤਾ ਅਤੇ ਲੰਗਰ ਛਕਦਿਆਂ ਹੋਇਆ ਗੰਢਾ ਭੰਨਦੇ ਹੋਏ ਬਚਨ ਕੀਤੇ ਕਿ ਜਿਵੇਂ ਇਹ ਗੰਢਾ ਭੰਨਿਆ ਹੈ, ਉਸੇ ਤਰ੍ਹਾਂ ਆਪ ਜੀ ਦਾ ਪੁੱਤਰ ਦੁਸ਼ਮਣਾਂ ਦੇ ਸਿਰ ਭੰਨੇਗਾ।  ਆਪ ਜੀ ਦੇ ਬਚਨਾਂ ਅਨੁਸਾਰ ਮਾਤਾ ਗੰਗਾ ਜੀ ਦੀ ਕੁੱਖੋ  ਛੇਵੇਂ ਪਾਤਿਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ। ਇਸ ਤੋਂ ਇਲਾਵਾ ਬੀਬੀ ਪਲਵਿੰਦਰ ਕੌਰ, ਬੀਬੀ ਹਰਜਿੰਦਰ ਕੌਰ, ਭਾਈ ਜਸਵਿੰਦਰ ਸਿੰਘ, ਭਾਈ ਏਕਮਜੋਤ ਸਿੰਘ, ਭਾਈ ਹਰਕੰਵਲ ਸਿੰਘ, ਭਗੜਾਣੇ ਵਾਲਿਆਂ ਦਾ ਕਵੀਸ਼ਰੀ ਜੱਥਾ, ਭਾਈ ਹਰਮਨਜੋਤ ਸਿੰਘ, ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ ਦੇ ਜੱਥਿਆਂ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਜੱਥੇ ਭਾਈ ਨਿਤਿੰਨ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਸੰਦੀਪ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ । ਇਸ ਮੌਕੇ ਤੇ ਹਜ਼ਾਰਾਂ ਸੰਗਤਾਂ ਨੇ ਇਸ ਸਥਾਨ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ।  ਗੁਰੂ ਕਾ ਲੰਗਰ ਸੰਗਤਾਂ ਨੂੰ ਅਤੁੱਟ ਵਰਤਾਇਆ ਗਿਆ ।
ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਇਸ ਮੌਕੇ ਤੇ ਦੱਸਿਆ ਕਿ ਆਉਣ ਵਾਲੀ ਮਿਤੀ 13 ਅਕਤੂਬਰ ਨੂੰ ਦਸਵੀਂ ਦਾ ਸ਼ੁਭ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਜਾਵੇਗਾ। ਇਸ ਦਿਨ ਸਵੇਰੇ 9:00 ਵਜੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਇਸ ਉਪਰੰਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜੂਰੀ ਰਾਗੀ ਜੱਥੇ, ਇੰਟਰਨੈਸ਼ਨਲ ਪੰਥਕ ਢਾਡੀ ਅਤੇ ਉੱਚ ਕੋਟੀ ਦੇ ਪੰਥ ਪ੍ਰਸਿੱਧ ਪ੍ਰਚਾਰਕ ਸੰਗਤਾਂ ਨੂੰ ਹਰਿ ਜਸ ਸੁਣਾ ਕੇ ਨਿਹਾਲ ਕਰਨਗੇ ।  ਇਸ ਦਿਨ ਵਿਸ਼ਾਲ ਅੰਮ੍ਰਿਤ ਸੰਚਾਰ ਦਾ ਆਯੋਜਨ ਸਵੇਰੇ 10 ਕੀਤਾ ਜਾਵੇਗਾ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ ਜੀ। 

Leave a Reply

Your email address will not be published. Required fields are marked *