DC ਗੁਰਦਾਸਪੁਰ ਨੇ ਕਿਹਾ- ਮੈਨੂੰ ਕਿਸੇ ਗੱਲ ਦਾ ਕੋਈ ਵੀ ਡਰ ਨਹੀਂ, ਕੰਪਲੇਂਟ ਦਾ ਦੇਵਾਂਗਾ ਜਵਾਬ
ਗੁਰਦਾਸਪੁਰ, 2 ਅਕਤੂਬਰ ,ਬੋਲੇ ਪੰਜਾਬ ਬਿਊਰੋ ;
ਬੀਤੇ ਦਿਨ ਡੀਸੀ ਗੁਰਦਾਸਪੁਰ ਦੇ ਦਫਤਰ ਦੇ ਵਿੱਚ ਗੁਰਦਾਸਪੁਰ ਤੋਂ ਮੈਂਬਰ ਆਫ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ,ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਹਲਕਾ ਫਤਿਹਗੜ ਚੂੜੀਆਂ ਤੋਂ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਗੁਰਦਾਸਪੁਰ ਤੋਂ ਵਿਧਾਇਕ ਵਰਿੰਦਰਮੀਤ ਪਾਹੜਾ ਦੀ ਤਿੱਖੀ ਬਹਿਸ ਦੀ ਵੀਡੀਓ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਅੱਜ ਡੀਸੀ ਗੁਰਦਾਸਪੁਰ ਉਮਾ ਸ਼ੰਕਰ ਗੁਪਤਾ ਨੇ ਇਸ ਗੱਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਬਾਕੀ ਸਾਰੇ ਲੀਡਰ ਸ਼ਾਂਤ ਸਨ, ਕੇਵਲ ਗੁਰਦਾਸਪੁਰ ਤੋਂ ਵਿਧਾਇਕ ਵਰਿੰਦਰਮੀਤ ਪਾਹੜਾ ਨੇ ਤਲਖੀ ਵਾਲੀ ਗੱਲ ਕੀਤੀ ਜਿਸ ਮਗਰੋਂ ਮੈਂਬਰ ਆਫ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਵੀ ਉਹਨਾਂ ਦੇ ਹੱਕ ਦੇ ਵਿੱਚ ਤਲਖੀ ਵਜੋਂ ਬੋਲੇ। ਮੇਰੇ ਲਈ ਸਾਰੇ ਸਤਿਕਾਰਯੋਗ ਹਨ ਉਹਨਾਂ ਨੂੰ ਚਾਹ ਵੀ ਪਿਲਾਈ ਗਈ ਸੀ ਪਰ ਜੇਕਰ ਮੈਂਬਰ ਪਾਰਲੀਮੈਂਟ ਨੇ ਮੇਰੇ ਖਿਲਾਫ ਸ਼ਿਕਾਇਤ ਕੀਤੀ ਹੈ ਤੇ ਮੈਨੂੰ ਇਸ ਦਾ ਕੋਈ ਡਰ ਨਹੀਂ ਹੈ। ਉਹਨਾਂ ਦੀ ਜੋ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚੋਂ ਮੇਰੇ ਖਿਲਾਫ ਮਾੜੀ ਸ਼ਬਦਾਵਲੀ ਬੋਲਦੇ ਹੋਏ ਸੁਣਾਈ ਅਤੇ ਦਿਖਾਈ ਦੇ ਰਹੇ ਹਨ ਉਸ ਨੂੰ ਛੁਪਾਉਣ ਲਈ ਉਹਨਾਂ ਨੇ ਇਹ ਸ਼ਿਕਾਇਤ ਕੀਤੀ ਹੋ ਸਕਦੀ ਹੈ ਜੇਕਰ ਮੇਰੇ ਕੋਲ ਜਵਾਬ ਮੰਗਿਆ ਜਾਏਗਾ ਤੇ ਮੈਂ ਉਸ ਦਾ ਜਵਾਬ ਦੇਣ ਲਈ ਤਿਆਰ ਹਾਂ ਮੈਨੂੰ ਕਿਸੇ ਗੱਲ ਦਾ ਕੋਈ ਵੀ ਡਰ ਨਹੀਂ।