ਬੀਬੀ ਜੰਗੀਰ ਕੌਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਦਿੱਤਾ ਸਪਸ਼ਟੀਕਰਨ
ਅੰਮ੍ਰਿਤਸਰ, 2 ਅਕਤੂਬਰ,ਬੋਲੇ ਪੰਜਾਬ ਬਿਊਰੋ :
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਸੁਧਾਰ ਲਹਿਰ ਦੀ ਅਹਿਮ ਆਗੂ ਬੀਬੀ ਜਗੀਰ ਕੌਰ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਆਪਣੇ ਤੇ ਲਗੇ ਇਲਜ਼ਾਮਾਂ ਦਾ ਸਪਸ਼ਟੀਕਰਨ ਸੌਂਪਿਆ। ਸ੍ਰੀ ਅਕਾਲ ਤਖਤ ਸਾਹਿਬ ਵਲੋਂ ਬੀਤੇ 26 ਸਤੰਬਰ ਨੂੰ ਇਕ ਪੱਤਰ ਜਾਰੀ ਕਰਕੇ ਬੀਬੀ ਨੂੰ ਰੋਮਾਂ ਦੀ ਬੇਅਦਬੀ ਕਰਨ ਅਤੇ ਕੁੜੀ ਮਾਰਨ ਦੇ ਲਗ ਰਹੇ ਦੋਸ਼ਾਂ ਸਬੰਧੀ 7 ਦਿਨ ਵਿਚ ਆਪਣਾ ਸਪਸ਼ਟੀਕਰਨ ਪੇਸ਼ ਕਰਨ ਲਈ ਕਿਹਾ ਗਿਆ ਸੀ। ਆਪਣੇ ਪੱਤਰ ਵਿਚ ਬੀਬੀ ਜਗੀਰ ਕੌਰ ਨੇ ਕਿਹਾ ਕਿ
ਆਪ ਵੱਲੋਂ ਜੋ ਸਪਸ਼ਟੀਕਰਨ ਮੰਗਿਆ ਗਿਆ ਹੈ ਪੜ੍ਹ ਕੇ ਹੈਰਾਨੀ ਅਤੇ ਦੁੱਖ ਹੋਇਆ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਔਰਤ ਨੂੰ ਵੱਡਾ ਰੁਤਬਾ ਦੇ ਕੇ ਨਿਵਾਜਿਆ ਹੈ। ਮੇਰੀ ਸ਼ਿਕਾਇਤ ਕਰਨ ਵਾਲੇ ਵੀ ਆਪਣੇ ਆਪ ਨੂੰ ਗੁਰਸਿੱਖ ਅਤੇ ਪੰਥਕ ਕਹਾਉਂਦੇ ਹੋਣਗੇ। ਉਨਾਂ ਨੂੰ ਇੱਕ ਸਿੱਖ ਬੀਬੀ ਬਾਰੇ ਅਜਿਹੀਆਂ ਸਿਧਾਂਤਹੀਣ, ਬੰਬੁਨਿਆਦ, ਮਨਘੜਤ ਸਿਆਸਤ ਤੋਂ ਪ੍ਰੇਰਿਤ ਸਰਾਸਰ ਝੂਠੀਆ ਸ਼ਿਕਾਇਤਾਂ ਸ਼ੋਭਾ ਨਹੀਂ ਦਿੰਦੀਆਂ। ਜਥੇਦਾਰ ਨੂੰ ਸੰਬੋਧਨ ਹੁੰਦਿਆ ਬੀਬੀ ਨੇ ਲਿਖਿਆ ਕਿ ਆਪ ਵੱਲੋਂ ਪੱਤਰ ਵਿੱਚ ਰੋਮਾਂ ਦੀ ਬੇਅਦਬੀ ਬਾਰੇ ਜਾਂ ਆਪਣੀ ਬੇਟੀ ਦੇ ਕਤਲ ਬਾਰੇ ਜੋ ਪੁੱਛਿਆ ਹੈ ਉਸ ਦਾ ਜਵਾਬ ਤਾਂ ਇਨਾ ਹੀ ਬਣਦਾ ਹੈ ਕਿ ਮੈਂ ਕਦੇ ਰੋਮਾਂ ਦੀ ਬੇਅਦਬੀ ਨਹੀਂ ਕੀਤੀ ਅਤੇ ਬੇਟੀ ਦੀ ਮੌਤ ਬਾਰੇ ਬੇਬੁਨਿਆਦ ਝੂਠੇ ਕੇਸ ਵਿੱਚ ਪੰਜਾਬ ਐਂਡ ਹਾਈਕੋਰਟ ਨੇ ਮੈਨੂੰ ਬਾਇਜ਼ਤ ਬਰੀ ਕਰਕੇ 2018 ਵਿੱਚ ਇਨਸਾਫ ਦਿੱਤਾ। ਇਸ ਦਾ ਜਵਾਬ ਤਾਂ ਕੇਵਲ ਢਾਈ ਲਾਈਨਾਂ ਦਾ ਹੀ ਸੀ ਪਰ ਇਹ ਗੱਲ ਇਨੀ ਹੀ ਨਹੀਂ ਜਿੰਨੀ ਸੋਖਿਆ ਬਣਾ ਕੇ ਪੇਸ਼ ਕੀਤਾ ਗਿਆ।
ਮੇਰਾ ਸਬੰਧ ਇਕ ਪੰਥਕ ਪਰਿਵਾਰ ਨਾਲ ਹੈ ਤੇ ਮੈਨੂੰ ਮੇਰੇ ਪੁਰਖਿਆਂ ਬਾਬਾ ਮੱਖਣ ਸ਼ਾਹ ਅਤੇ ਬਾਬਾ ਲੱਖੀ ਸ਼ਾਹ, ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆ ਕੋਲੋ ਗੁਰਮਤਿ ਜੀਵਨ ਜਾਚ ਵਿਰਾਸਤ ਵਿਚ ਮਿਲੀ ਹੈ। ਗੁਰਮਤਿ ਵਿਰੋਧੀ ਕਿਸੇ ਵੀ ਤਰ੍ਹਾਂ ਦਾ ਕੰਮ ਕਰਨ ਬਾਰੇ ਮੈਂ ਸੋਚ ਵੀ ਨਹੀਂ ਸਕਦੀ। ਬੀਬੀ ਨੇ ਜਥੇਦਾਰ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਇੱਕ ਮਾਂ ਦੇ ਸਬਰ ਦਾ ਇਮਤਿਹਾਨ ਨਾ ਲਓ ਕੋਈ ਹੋਰ ਆਸਰਾ ਭਾਲਣ ਦੀ ਥਾਂ ਮੇਰੀ ਤਾਕਤ ਦਾ ਸੋਮਾ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਚੰਗਾ ਹੁੰਦਾ ਜੋ ਮੇਰੇ ਖਿਲਾਫ ਝੂਠੀ ਤੇ ਬੇਬੁਨਿਆਦ ਸ਼ਿਕਾਇਤ ਆਈ ਸੀ ਪਹਿਲਾਂ ਉਸ ਦੀ ਪੜਤਾਲ ਕਰਵਾ ਕੇ ਪੰਜ ਸਿੰਘ ਸਾਹਿਬਾਨ ਵਿੱਚ ਵਿਚਾਰ ਲੈਂਦੇ ਤਾਂ ਜੋ ਹੋਰ ਪੰਥ ਦੇ ਗੁਨਾਹਗਾਰਾਂ ਦੇ ਖਿਲਾਫ ਕੋਈ ਫੈਸਲਾ ਕਰਨ ਦੇ ਰਾਹ ਵਿੱਚ ਕੋਈ ਰੁਕਾਵਟ ਨਾ ਪਵੇ। ਜਿਸ ਮਹਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਤੁਸੀਂ ਜਿੰਮੇਵਾਰੀ ਨਿਭਾ ਰਹੇ ਹੋ ਇਹ ਤਖਤ ਸ੍ਰੀ ਦਰਬਾਰ ਸਾਹਿਬ ਜੀ ਦੇ ਸਾਹਮਣੇ ਪਰਮਾਤਮਾ ਦੀ ਰੂਹਾਨੀ ਅਤੇ ਬੁਨਿਆਦੀ ਪ੍ਰਭੂਸਤਾ ਇਸ ਪਵਿੱਤਰ ਧਰਤੀ ਉੱਤੇ ਛੇਵੀਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1608 ਈਸਵੀ ਵਿਚ ਜਦੋਂ ਇਸ ਮਹਾਨ ਤਖਤ ਦੀ ਸਥਾਪਨਾ ਕੀਤੀ ਹੋਵੇਗੀ ਤਾਂ ਕਿਹੋ ਜਿਹੇ ਕੰਮ ਦੇ ਮਸਲੇ ਵਿਚਾਰਨ ਦਾ ਗੁਰੂ ਸਾਹਿਬ ਦਾ ਖਿਆਲ ਹੋਵੇਗਾ, ਉੱਥੇ ਤੱਕ ਸਾਡੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਜਿਹੜੀ ਇਸ ਪੱਤਰ ਦੀ ਆੜ ਹੇਠ ਮੀਰੀ ਪੀਰੀ ਦੇ ਮਾਲਕ ਵਲੋਂ ਥਾਪੇ ਤਖਤ ਨੂੰ ਢਾਹ ਲੱਗੀ ਹੈ ਉਸ ਦੀ ਭਰਭਾਈ ਲਈ ਕੌਣ ਜਿੰਮੇਵਾਰ ਹੈ ਜਾ ਕਿਸ ਨੂੰ ਜਿੰਮੇਵਾਰ ਠਹਿਰਾਇਆ ਜਾਵੇਗਾ। ਤੱਥਾਂ ਦੇ ਉਲਟ ਇਹ ਸਿਕਾਇਤ ਪੱਤਰ ਸ੍ਰੀ ਅਕਾਲ ਤਖਤ ਦੀ ਮਾਣ ਮਰਿਯਾਦਾ ਨੂੰ ਢਾਹ ਲਾਉਦਾ ਹੈ। ਇਸ ਦੀ ਇਬਾਦਤ ਪੜ੍ਹ ਕੇ ਹਰ ਸਿੱਖ ਅਤੇ ਹਰ ਸਿੱਖ ਬੀਬੀ ਆਪਣੇ ਆਪ ਨੂੰ ਅਪਮਾਨਿਤ ਮਹਿਸੂਸ ਕਰ ਰਹੀ ਹੈ ਕਿਉਂਕਿ ਇਸ ਤੋਂ ਵੱਡਾ ਅਪਮਾਨ ਹੋਰ ਕੀ ਹੋ ਸਕਦਾ ਹੈ। ਢਾਈ ਪੰਨਿਆਂ ਦੇ ਪੱਤਰ ਦੇ ਅਖੀਰ ਵਿਚ ਬੀਬੀ ਨੇ ਕਿਹਾ ਕਿ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੇਰਾ ਰੋਮ ਰੋਮ ਗੁਰੂ ਗ੍ਰੰਥ, ਗੁਰੂ ਪੰਥ: ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਲਈ ਸਮਰਪਿਤ ਹੈ। ਮੇਰੇ ਖਿਲਾਫ ਆਈ ਝੂਠੀ ਤੇ ਬੇਤੁਕੀ ਸ਼ਿਕਾਇਤ ਨੂੰ ਧਰਮ ਅਤੇ ਪਰੰਪਰਾ ਦੇ ਪਰਿਪੇਖ ਵਿੱਚੋਂ ਵਿਚਾਰਿਆ ਜਾਵੇ ਤੇ ਝੂਠੀ ਸ਼ਿਕਾਇਤ ਕਰਨ ਵਾਲਿਆਂ ਵਿਰੁੱਧ ਮਰਿਯਾਦਾ ਅਨੁਸਾਰ ਕਾਰਵਾਈ ਕੀਤੀ ਜਾਵੇ ਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਕਾਇਮ ਰਹਿ ਸਕੇ।