ਮੋਹਾਲੀ ਫਰਜ਼ੀ ਕਾਲ ਸੈਂਟਰ ਮਾਮਲੇ ‘ਚ ਹੋਈ ਈਡੀ ਦੀ ਐਂਟਰੀ, ਪੰਜਾਬ ਪੁਲਿਸ ਤੋਂ ਰਿਕਾਰਡ ਤਲਬ

ਚੰਡੀਗੜ੍ਹ ਪੰਜਾਬ

ਮੋਹਾਲੀ ਫਰਜ਼ੀ ਕਾਲ ਸੈਂਟਰ ਮਾਮਲੇ ‘ਚ ਹੋਈ ਈਡੀ ਦੀ ਐਂਟਰੀ, ਪੰਜਾਬ ਪੁਲਿਸ ਤੋਂ ਰਿਕਾਰਡ ਤਲਬ


ਚੰਡੀਗੜ੍ਹ, 1 ਅਕਤੂਬਰ,ਬੋਲੇ ਪੰਜਾਬ ਬਿਊਰੋ :


ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਹੁਣ ਮੋਹਾਲੀ ਫਰਜ਼ੀ ਕਾਲ ਸੈਂਟਰ ਮਾਮਲੇ ‘ਚ ਐਂਟਰੀ ਕਰ ਲਈ ਹੈ। ਈਡੀ ਨੇ 100 ਕਰੋੜ ਰੁਪਏ ਦੇ ਫਰਜ਼ੀ ਕਾਲ ਸੈਂਟਰ ਮਾਮਲੇ ‘ਚ ਹੁਣ ਤੱਕ ਹੋਈ ਕਾਰਵਾਈ ‘ਤੇ ਪੰਜਾਬ ਪੁਲਿਸ ਤੋਂ ਰਿਕਾਰਡ ਤਲਬ ਕੀਤਾ ਹੈ। ਈਡੀ ਨੂੰ ਇਸ ਸਾਈਬਰ ਧੋਖਾਧੜੀ ਮਾਮਲੇ ‘ਚ ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਨਾਲ ਜੁੜੇ ਇਨਪੁਟਸ ਮਿਲੇ ਹਨ, ਇਸ ਲਈ ਈਡੀ ਹੁਣ ਇਸ ਪੂਰੇ ਮਾਮਲੇ ‘ਚ ਮਾਮਲਾ ਦਰਜ ਕਰਕੇ ਕਾਰਵਾਈ ਕਰੇਗੀ।
ਇਸ ਮਾਮਲੇ ਵਿੱਚ 28 ਅਗਸਤ ਨੂੰ ਇੰਸਪੈਕਟਰ ਅਮਨਜੋਤ ਕੌਰ ਨੇ ਡੀਜੀਪੀ ਗੌਰਵ ਯਾਦਵ ਨੂੰ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਈਪੀਐਸ ਜੋਤੀ ਯਾਦਵ ‘ਤੇ ਇੱਕ ਮੁਲਜ਼ਮ ਖ਼ਿਲਾਫ਼ ਕਾਰਵਾਈ ਨਾ ਕਰਨ ਕਰਕੇ ਝੂਠੇ ਕੇਸ ਵਿੱਚ ਫਸਾਉਣ ਦਾ ਦੋਸ਼ ਲਾਇਆ ਸੀ।
ਇੰਸਪੈਕਟਰ ਅਮਨਜੋਤ ਕੌਰ ਨੇ ਮੰਗ ਕੀਤੀ ਸੀ ਕਿ ਇਸ ਮਾਮਲੇ ਦੀ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਈ ਜਾਵੇ, ਤਾਂ ਜੋ 100 ਕਰੋੜ ਰੁਪਏ ਦੇ ਸਾਈਬਰ ਧੋਖਾਧੜੀ ਮਾਮਲੇ ਦੇ ਮੁੱਖ ਮੁਲਜ਼ਮ ਨੂੰ ਸੁਰੱਖਿਆ ਪ੍ਰਦਾਨ ਕਰਨ ਵਾਲੇ ਵਿਅਕਤੀ ਦਾ ਪਤਾ ਲਗਾਇਆ ਜਾ ਸਕੇ।
ਇੰਸਪੈਕਟਰ ਦੀ ਸ਼ਿਕਾਇਤ ‘ਤੇ ਡੀਜੀਪੀ ਗੌਰਵ ਯਾਦਵ ਨੇ ਪੂਰੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਸੀ। ਇਹ ਐਸਆਈਟੀ ਏਡੀਜੀਪੀ ਸਾਈਬਰ ਕ੍ਰਾਈਮ ਵੀ ਨੀਰਜਾ ਦੀ ਪ੍ਰਧਾਨਗੀ ਹੇਠ ਬਣਾਈ ਗਈ ਹੈ। ਦੱਸ ਦਈਏ ਕਿ ਇਸ ਮਾਮਲੇ ‘ਚ ਮਹਿਲਾ ਪਲਕ ਦੇਵ ਨੇ ਇੰਸਪੈਕਟਰ ਅਮਨਜੋਤ ਕੌਰ ‘ਤੇ ਰਿਸ਼ਵਤ ਮੰਗਣ ਦੇ ਦੋਸ਼ ਲਗਾਉਂਦੇ ਹੋਏ ਐਫਆਈਆਰ ਦਰਜ ਕਰਵਾਉਣ ਲਈ ਬੀਤੇ ਅਪ੍ਰੈਲ ਮਹੀਨੇ ਜ਼ਿਲ੍ਹਾ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ‘ਤੇ ਜ਼ਿਲ੍ਹਾ ਅਦਾਲਤ ਨੇ ਪੁਲਿਸ ਨੂੰ ਇੰਸਪੈਕਟਰ ‘ਤੇ ਮਾਮਲਾ ਦਰਜ ਕਰਨ ਲਈ ਕਿਹਾ ਸੀ। ਪਰ ਬਾਅਦ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜ਼ਿਲ੍ਹਾ ਅਦਾਲਤ ਦੇ ਹੁਕਮਾਂ ‘ਤੇ ਰੋਕ ਲਗਾ ਦਿੱਤੀ ਸੀ ਅਤੇ ਮਾਮਲੇ ਦੀ ਅਗਲੀ ਤਰੀਕ ਦੇ ਦਿੱਤੀ ਸੀ। ਹੁਣ ਈਡੀ ਨੇ ਮਾਮਲੇ ‘ਚ ਪੂਰਾ ਰਿਕਾਰਡ ਤਲਬ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *