ਬੰਦ ਘਰਾਂ ਨੂੰ ਨਿਸ਼ਾਨਾ ਬਣਾ ਕੇ ਚੋਰੀਆਂ ਕਰਨ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫਤਾਰ
ਜਲੰਧਰ, 1 ਅਕਤੂਬਰ,ਬੋਲੇ ਪੰਜਾਬ ਬਿਊਰੋ :
ਜਲੰਧਰ ਦਿਹਾਤੀ ਪੁਲਸ ਨੇ ਇਕ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਥਾਣਾ ਭੋਗਪੁਰ ਦੀ ਪੁਲਸ ਨੇ ਬੰਦ ਘਰਾਂ ਨੂੰ ਨਿਸ਼ਾਨਾ ਬਣਾ ਕੇ ਚੋਰੀਆਂ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਵੱਖ-ਵੱਖ ਖੇਤਰਾਂ ‘ਚ ਵਾਰਦਾਤਾਂ ਨੂੰ ਅੰਜਾਮ ਦੇਣ ‘ਚ ਮਾਹਿਰ ਸਨ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਸਾਗਰ ਪੁੱਤਰ ਮਰਹੂਮ ਪਿਆਰਾ ਸਿੰਘ ਵਾਸੀ ਭਾਦੀ ਰੋਡ ਬਲਾਚੌਰ, ਅਭੀ ਪੁੱਤਰ ਜਗਤਾਰ ਵਾਸੀ ਚੰਡੀਗੜ੍ਹ ਕਲੋਨੀ ਟਾਂਡਾ ਅਤੇ ਸ਼ੰਭੂ ਪੁੱਤਰ ਮਰਹੂਮ ਜਨਮ ਚਮਨ ਲਾਲ, ਵਾਸੀ ਚੰਡੀਗੜ੍ਹ ਕਲੋਨੀ, ਟਾਂਡਾ ਜ਼ਿਲ੍ਹਾ, ਹੁਸ਼ਿਆਰਪੁਰ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਭੋਗਪੁਰ ਦੇ ਐਸ.ਐਚ.ਓ. ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਉਕਤ ਮੁਲਜ਼ਮ ਬੰਦ ਪਏ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲੀ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 50 ਗ੍ਰਾਮ ਸੋਨਾ, ਵਾਰਦਾਤ ’ਚ ਵਰਤੀ ਗਈ ਬਾਈਕ ਅਤੇ ਇੱਕ ਸਕੂਟਰੀ ਬਰਾਮਦ ਕੀਤੀ ਹੈ।