ਛੇ ਸਾਲ ਤੋਂ ਜਾਅਲੀ ਕਾਗਜਾਤਾਂ ਸਹਾਰੇ ਰਹਿ ਰਹੇ ਚਾਰ ਪਾਕਿਸਤਾਨੀ ਲਏ ਹਿਰਾਸਤ ਵਿੱਚ
ਬੈਂਗਲੁਰੂ, 1 ਅਕਤੂਬਰ,ਬੋਲੇ ਪੰਜਾਬ ਬਿਊਰੋ :
ਇਕ ਪਾਕਿਸਤਾਨੀ ਨਾਗਰਿਕ, ਉਸ ਦੀ ਪਤਨੀ ਅਤੇ ਦੋ ਹੋਰ ਲੋਕਾਂ ਨੂੰ ਪਿਛਲੇ 6 ਸਾਲਾਂ ਤੋਂ ਜਾਅਲੀ ਪਛਾਣ ਪੱਤਰਾਂ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਰਹਿਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਮੁੱਢਲੀ ਜਾਂਚ ਅਨੁਸਾਰ ਪਾਕਿਸਤਾਨੀ ਨਾਗਰਿਕ ਦੀ ਪਤਨੀ ਬੰਗਲਾਦੇਸ਼ ਦੀ ਰਹਿਣ ਵਾਲੀ ਹੈ ਅਤੇ ਇਸ ਤੋਂ ਪਹਿਲਾਂ ਉਹ ਢਾਕਾ ’ਚ ਸਨ ਜਿੱਥੇ ਉਨ੍ਹਾਂ ਦਾ ਵਿਆਹ ਹੋਇਆ ਸੀ।
ਇਹ ਜੋੜਾ ਕਥਿਤ ਤੌਰ ’ਤੇ 2014 ’ਚ ਦਿੱਲੀ ਆਇਆ ਸੀ ਅਤੇ ਬਾਅਦ ’ਚ 2018 ’ਚ ਬੰਗਲੁਰੂ ਚਲਾ ਗਿਆ। ਗ੍ਰਿਫਤਾਰ ਕੀਤੇ ਗਏ ਹੋਰ ਦੋ ਵਿਅਕਤੀ ਉਸ ਦੇ ਸਹੁਰੇ ਪਰਵਾਰ ਦੇ ਹਨ। ਐਤਵਾਰ ਨੂੰ ਬੈਂਗਲੁਰੂ ਦੇ ਬਾਹਰੀ ਇਲਾਕੇ ਜਿਗਾਨੀ ਵਿਖੇ ਛਾਪੇਮਾਰੀ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ’ਚ ਲਿਆ ਗਿਆ ਸੀ।
ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਡੇ ਜਿਗਾਨੀ ਅਧਾਰਤ ਇੰਸਪੈਕਟਰ ਨੇ ਇਕ ਕੇਸ ਦੀ ਜਾਂਚ ਕੀਤੀ ਅਤੇ ਕੇਸ ਦਰਜ ਕੀਤਾ। ਇੱਥੇ ਇਕ ਪਰਵਾਰ ਦੇ ਚਾਰ ਲੋਕ ਜਾਅਲੀ ਦਸਤਾਵੇਜ਼ਾਂ ਦੇ ਅਧਾਰ ’ਤੇ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਸਨ। ਹੁਣ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਚਾਰਾਂ ਵਿਅਕਤੀਆਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।