ਮਾਨ ਸਰਕਾਰ ਮੈਡਲ ਜੇਤੂ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਵੇਗੀ
ਚੰਡੀਗੜ੍ਹ 30 ਸਤੰਬਰ ,ਬੋਲੇ ਪੰਜਾਬ ਬਿਊਰੋ :
ਪੰਜਾਬ ‘ਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਜਲਦ ਹੀ ਸਰਕਾਰੀ ਨੌਕਰੀਆਂ ਦਾ ਤੋਹਫਾ ਮਿਲੇਗਾ। ਪੰਜਾਬ ਸਰਕਾਰ ਨੇ ਆਊਟਸਟੈਂਡਿੰਗ ਸਪੋਰਟਸ ਪਰਸਨਜ਼ ਕਾਡਰ ਤਿਆਰ ਕੀਤਾ ਹੈ, ਜਿਸ ਤਹਿਤ ਯੋਗ ਖਿਡਾਰੀਆਂ ਨੂੰ ਡਿਪਟੀ ਡਾਇਰੈਕਟਰ ਦੇ ਅਹੁਦੇ ‘ਤੇ ਸਿੱਧੇ ਤੌਰ ‘ਤੇ ਨਿਯੁਕਤ ਕੀਤਾ ਜਾਵੇਗਾ। ਸਮੇਂ ‘ਤੇ ਤਰੱਕੀ ਵੀ ਹੋਵੇਗੀ।ਦੱਸ ਦੇਈਏ ਕਿ ਪੰਜਾਬ ਦੇ ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਖੇਡ ਵਿਭਾਗ ਨੇ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਇਸ ਨੂੰ ਮਨਜ਼ੂਰੀ ਦਿੱਤੀ ਗਈ।ਪੰਜਾਬ ਸਰਕਾਰ ਨੇ 500 ਸਟਾਫ਼ ਦਾ ਇਹ ਨਵਾਂ ਕਾਡਰ ਤਿਆਰ ਕੀਤਾ ਹੈ, ਜਿਸ ਵਿੱਚ ਡਿਪਟੀ ਡਾਇਰੈਕਟਰ ਦੀਆਂ 40 ਅਤੇ ਕੋਚਾਂ ਦੀਆਂ 460 ਅਸਾਮੀਆਂ ਸ਼ਾਮਲ ਹਨ। ਡਿਪਟੀ ਡਾਇਰੈਕਟਰ ਸਪੋਰਟਸ ਲਈ 50 ਫੀਸਦੀ ਅਸਾਮੀਆਂ ਸਿੱਧੀ ਭਰਤੀ ਰਾਹੀਂ ਅਤੇ 50 ਫੀਸਦੀ ਤਰੱਕੀਆਂ ਰਾਹੀਂ ਭਰੀਆਂ ਜਾਣਗੀਆਂ।
ਨਵੇਂ ਕਾਡਰ ਨਿਯਮਾਂ ਤਹਿਤ ਵਿਅਕਤੀਗਤ ਮੁਕਾਬਲਿਆਂ ਵਿੱਚ ਤਗਮਾ ਜੇਤੂ ਟੀਮ ਮੁਕਾਬਲਿਆਂ ਦੇ ਮੁਕਾਬਲੇ ਮੈਰਿਟ ਵਿੱਚ ਅੱਗੇ ਰੱਖੇ ਜਾਣਗੇ। ਇਸ ਤੋਂ ਇਲਾਵਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਵੱਧ ਤਗਮੇ ਜਿੱਤਣ ਵਾਲੇ ਖਿਡਾਰੀ ਨੂੰ ਨੌਕਰੀ ਵਿੱਚ ਪਹਿਲ ਦਿੱਤੀ ਜਾਵੇਗੀ। ਡਿਪਟੀ ਡਾਇਰੈਕਟਰ ਸਪੋਰਟਸ ਦੇ ਅਹੁਦੇ ਭਰਤੀ ਲਈ ਗ੍ਰੈਜੂਏਸ਼ਨ, ਮੈਟ੍ਰਿਕ ਜਾਂ ਉਚੇਰੀ ਸਿੱਖਿਆ ਵਿੱਚ ਪੰਜਾਬੀ ਵਿਸ਼ੇ ਵਜੋਂ ਲਾਜ਼ਮੀ ਹੈ।