ਅੰਡਰ ਬ੍ਰਿਜ਼ ’ਚ ਖੜ੍ਹੇ ਬਰਸਾਤੀ ਪਾਣੀ ਵਿਚ ਡੁੱਬ ਕੇ ਵਿਅਕਤੀ ਦੀ ਮੌਤ
ਰਾਜਪੁਰਾ 30 ਸਤੰਬਰ ,ਬੋਲੇ ਪੰਜਾਬ ਬਿਊਰੋ :
ਇੱਥੋਂ ਨੇੜਲੇ ਪਿੰਡ ਬਖ਼ਸ਼ੀਵਾਲ ਦੇ ਅੰਡਰ ਬ੍ਰਿਜ਼ ’ਚ ਖੜ੍ਹੇ ਬਰਸਾਤੀ ਪਾਣੀ ਵਿਚ ਡੁੱਬ ਕੇ ਇਕ 32 ਸਾਲਾ ਵਿਅਕਤੀ ਦੀ ਮੌਤ ਹੋ ਗਈ। ਜਿਸ ਨੂੰ ਥਾਣਾ ਸਦਰ ਪੁਲਿਸ ਦੇ ਐੱਸਐੱਚਓ ਇੰਸਪੈਕਟਰ ਕ੍ਰਿਪਾਲ ਸਿੰਘ ਮੋਹੀ ਨੇ ਮੌਕੇ ’ਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਪਾਣੀ ’ਚੋਂ ਬਾਹਰ ਕਢਵਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਸਦਰ ਪੁਲਿਸ ਦੇ ਐੱਸਐੱਚਓ ਇੰਸਪੈਕਟਰ ਕ੍ਰਿਪਾਲ ਸਿੰਘ ਮੋਹੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਰਾਹਗੀਰ ਨੇ ਇਤਲਾਹ ਦਿੱਤੀ ਕਿ ਪਿੰਡ ਬਖ਼ਸ਼ੀਵਾਲ ਦੇ ਅੰਡਰ ਬ੍ਰਿਜ਼ ’ਚ ਖੜ੍ਹੇ ਬਰਸਾਤੀ ਪਾਣੀ ਵਿਚ ਇਕ ਵਿਅਕਤੀ ਡੁੱਬ ਰਿਹਾ ਹੈ। ਜਦੋਂ ਉਹ ਪੁਲਿਸ ਪਾਰਟੀ ਦੇ ਨਾਲ ਮੌਕੇ ’ਤੇ ਪਹੁੰਚੇ ਤਾਂ ਗੋਤਾਖੋਰਾਂ ਦੀ ਮਦਦ ਨਾਲ ਪਾਣੀ ਵਿਚ ਡੁੱਬੇ ਵਿਅਕਤੀ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਮੌਕੇ ’ਤੇ ਇਕੱਤਰ ਲੋਕਾਂ ਦੇ ਦੱਸਣ ਮੁਤਾਬਕ ਮ੍ਰਿਤਕ ਹਰਜੀਤ ਸਿੰਘ (32) ਪਿੰਡ ਭੇਡਵਾਲ ਦਾ ਵਸਨੀਕ ਹੈ ਤੇ ਨੇੜਲੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਤੇ ਦਸਵੀਂ ਪਿੰਡ ਉਗਾਣੀ ਵਿਖੇ ਸੇਵਾ ਕਰਨ ਤੋਂ ਬਾਅਦ ਜਦੋਂ ਘਰ ਜਾ ਰਿਹਾ ਸੀ ਤਾਂ ਇੱਥੇ ਅੰਡਰ ਬ੍ਰਿਜ ਨੇੜੇ ਪਾਣੀ ਦਾ ਜ਼ਿਆਦਾ ਵਹਾਅ ਦੇਖ ਕੇ ਚੱਕਰ ਖਾ ਕੇ ਪਾਣੀ ਵਿਚ ਡਿੱਗ ਗਿਆ ਤੇ ਉਸ ਮੌਤ ਹੋ ਗਈ। ਮ੍ਰਿਤਕ ਫਿਲਹਾਲ ਕੁਆਰਾ ਸੀ। ਜਿਸ ਦੀ ਲਾਸ਼ ਨੂੰ ਰੇਲਵੇ ਪੁਲਿਸ ਨੇ ਧਾਰਾ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।