ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਪਤੀ-ਪਤਨੀ ਦੀ ਸਰੋਵਰ ‘ਚ ਡੁੱਬਣ ਕਾਰਨ ਮੌਤ
ਕਾਦੀਆਂ, 29 ਸਤੰਬਰ,ਬੋਲੇ ਪੰਜਾਬ ਬਿਊਰੋ :
ਗੁਰਦਾਸਪੁਰ ਦੇ ਕਾਦੀਆਂ ਅਧੀਨ ਪੈਂਦੇ ਪਿੰਡ ਲੀਲ੍ਹ ਕਲਾਂ ਵਿਖੇ ਅੱਜ ਤੜਕਸਾਰ ਇਕ ਮੰਦਭਾਗੀ ਘਟਨਾ ਵਾਪਰੀ ਹੈ। ਗੁਰਦੁਆਰਾ ਮੱਕਾ ਸਾਹਿਬ ਵਿਖੇ ਮੱਥਾ ਟੇਕਣ ਗਏ ਪਤੀ ਪਤਨੀ ਦੀ ਇਸ਼ਨਾਨ ਕਰਨ ਦੌਰਾਨ ਸਰੋਵਰ ਵਿਚ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਬਲਵੰਤ ਸਿੰਘ ਤੇ ਰਣਜੀਤ ਕੌਰ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਕੰਡੀਲੇ ਤੋਂ ਬਲਵੰਤ ਸਿੰਘ ਆਪਣੇ ਮੋਟਰਸਾਈਕਲ ‘ਤੇ ਆਪਣੀ ਪਤਨੀ ਰਣਜੀਤ ਕੌਰ ਨਾਲ ਗੁਰਦੁਆਰਾ ਮੱਕਾ ਸਾਹਿਬ ਵਿਖੇ ਮੱਥਾ ਟੇਕਣ ਲਈ ਆਇਆ ਸੀ। ਜਦੋਂ ਬਲਵੰਤ ਸਿੰਘ ਸਰੋਵਰ ਵਿਚ ਇਸ਼ਨਾਨ ਕਰਨ ਲਈ ਵੜਿਆ ਤਾਂ ਅਚਾਨਕ ਉਹ ਡੁੱਬਣ ਲੱਗ ਪਿਆ ਤਾਂ ਉਸ ਦੀ ਪਤਨੀ ਰਣਜੀਤ ਕੌਰ ਨੇ ਆਪਣੀ ਚੁੰਨੀ ਨਾਲ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਪਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਉਹ ਵੀ ਡੁੱਬ ਗਈ।
ਮਿਲੀ ਜਾਣਕਾਰੀ ਮੁਤਾਬਕ ਬਲਵੰਤ ਸਿੰਘ ਪਿੰਡ ਵਿਚ ਸਾਈਕਲ ਰਿਪੇਅਰ ਦਾ ਕੰਮ ਕਰਦਾ ਸੀ ਤੇ ਉਸ ਦੇ ਤਿੰਨ ਬੱਚੇ ਹਨ। ਥਾਣਾ ਕਾਦੀਆਂ ਦੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।