ਗੈਂਗਸਟਰਾਂ ਦੀਆਂ ਗਤੀਵਿਧੀਆਂ, ਸਾਈਬਰ ਅਪਰਾਧੀਆਂ ‘ਤੇ ਸ਼ਿਕੰਜਾ ਕੱਸਣ ਅਤੇ ਗੰਨ ਕਲਚਰ ‘ਤੇ ਨਜ਼ਰ ਰੱਖ ਰਹੀ ਹੈ ਪੁਲਿਸ
ਚੰਡੀਗੜ੍ਹ 29 ਸਤੰਬਰ ,ਬੋਲੇ ਪੰਜਾਬ ਬਿਊਰੋ :
ਚੰਡੀਗੜ੍ਹ ਸਾਈਬਰ ਸੈੱਲ ਨੇ ਕਾਰਵਾਈ ਕਰਦੇ ਹੋਏ ਗੈਂਗਸਟਰਾਂ ਅਤੇ ਗਨ ਕਲਚਰ ਦਾ ਪ੍ਰਚਾਰ ਕਰਨ ਵਾਲੇ 1900 ਤੋਂ ਵੱਧ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿੱਤੇ ਹਨ। ਇਹ ਖਾਤੇ ਜੁਰਮਾਂ ਦੀ ਵਡਿਆਈ ਕਰਕੇ ਨੌਜਵਾਨ ਪੀੜ੍ਹੀ ਨੂੰ ਗਲਤ ਦਿਸ਼ਾ ਵੱਲ ਪ੍ਰੇਰਿਤ ਕਰ ਰਹੇ ਸਨ। ਇਸ ਕਦਮ ਦਾ ਉਦੇਸ਼ ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿੱਚ ਵਧ ਰਹੇ ਗੈਂਗਸਟਰਾਂ ਦੇ ਪ੍ਰਭਾਵ ਨੂੰ ਘਟਾਉਣਾ ਅਤੇ ਅਪਰਾਧਾਂ ਨੂੰ ਰੋਕਣਾ ਹੈ।ਚੰਡੀਗੜ੍ਹ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਗੈਂਗਸਟਰਾਂ ਨਾਲ ਜੁੜੇ ਕਈ ਗੰਭੀਰ ਅਪਰਾਧ ਸਾਹਮਣੇ ਆਏ ਹਨ। ਇਨ੍ਹਾਂ ਵਿਚ ਸੋਨੂੰ ਸ਼ਾਹ ਅਤੇ ਬਾਊਂਸਰ ਸੁਰਜੀਤ ਦੇ ਕਤਲ ਵਰਗੀਆਂ ਘਟਨਾਵਾਂ ਸ਼ਾਮਲ ਹਨ, ਜਿਨ੍ਹਾਂ ਨੂੰ ਗੈਂਗਸਟਰਾਂ ਨੇ ਅੰਜਾਮ ਦਿੱਤਾ ਅਤੇ ਫਿਰ ਸੋਸ਼ਲ ਮੀਡੀਆ ‘ਤੇ ਆਪਣੀ ਜ਼ਿੰਮੇਵਾਰੀ ਕਬੂਲ ਕੀਤੀ। ਹੁਣ ਚੰਡੀਗੜ੍ਹ ਪੁਲਿਸ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਸੋਸ਼ਲ ਮੀਡੀਆ ‘ਤੇ ਇਨ੍ਹਾਂ ਗਤੀਵਿਧੀਆਂ ਨੂੰ ਰੋਕਣ ਲਈ ਵਿਸ਼ੇਸ਼ ਕਦਮ ਚੁੱਕੇ ਹਨ।