ਪ.ਸ.ਸ.ਫ. ਵਲੋਂ ਮੁਲਾਜ਼ਮ ਵੱਡੀ ਗਿਣਤੀ ਵਿੱਚ ਪਹੁੰਚ ਕੇ ਆਪਣਾ ਜੱਥੇਬੰਦਕ ਫਰਜ਼ ਨਿਭਾਉਣਗੇ
ਚੰਡੀਗੜ੍ਹ, 28 ਸਤੰਬਰ ,ਬੋਲੇ ਪੰਜਾਬ ਬਿਊਰੋ :
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਨੇ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਕਿਹਾ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਨਾਲ ਬਾਰ ਬਾਰ ਮੀਟਿੰਗਾਂ ਮੁਲਤਵੀ ਕਰਨ ਅਤੇ ਹਰਿਆਣਾ ਦੇ ਲੋਕਾਂ ਨੂੰ ਵਿਧਾਨ ਸਭਾ ਚੋਣਾਂ ਸਮੇਂ ਚੋਣ ਪ੍ਰਚਾਰ ਦੌਰਾਨ ਝੂਠੇ ਸਬਜਵਾਗ ਦਿਖਾਉਣ ਦੇ ਖਿਲਾਫ 2 ਅਕਤੂਬਰ ਨੂੰ ਅੰਬਾਲਾ ਵਿਖੇ ਬਾਜ਼ਾਰਾਂ ਅੰਦਰ ਝੰਡਾ ਮਾਰਚ ਕੀਤਾ ਜਾਵੇਗਾ ਤਾਂ ਜੋ ਭਗਵੰਤ ਮਾਨ ਸਰਕਾਰ ਦੀ ਅਸਲੀਅਤ ਲੋਕਾਂ ਸਾਹਮਣੇ ਲਿਆਂਦੀ ਜਾ ਸਕੇ। ਇਸ ਝੰਡਾ ਮਾਰਚ ਵਿੱਚ ਪ.ਸ.ਸ.ਫ. ਦੇ ਝੰਡੇ ਹੇਠ ਸੂਬੇ ਭਰ ਵਿੱਚੋਂ ਮੁਲਾਜ਼ਮ ਭਾਰੀ ਸੰਖਿਆ ਵਿੱਚ ਸ਼ਮੂਲੀਅਤ ਕਰ ਰਹੇ ਹਨ। ਆਗੂਆਂ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲਾਂ ਵੀ ਹਿਮਾਚਲ ਅਤੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਝੂਠਾ ਪ੍ਰਚਾਰ ਕੀਤਾ ਗਿਆ ਸੀ ਕਿ ਪੰਜਾਬ ਅੰਦਰ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਗਈ ਹੈ ਅਤੇ ਕੱਚੇ ਮੁਲਾਜ਼ਮ ਪੱਕੇ ਕਰ ਦਿੱਤੇ ਗਏ ਹਨ, ਜਿਸ ਦਾ ਖਮਿਆਜਾ ਭਗਵੰਤ ਮਾਨ ਦੀ ਪਾਰਟੀ ਨੂੰ ਦੋਨਾਂ ਰਾਜਾਂ ਵਿੱਚ ਭੁਗਤਣਾ ਪਿਆ ਸੀ। ਆਗੂਆਂ ਆਖਿਆ ਕਿ ਇਸ ਸਰਕਾਰ ਵੱਲੋਂ ਅੱਜ ਤੱਕ ਪੁਰਾਣੀ ਪੈਨਸ਼ਨ ਬਹਾਲ ਕਰਨਾ ਤਾਂ ਦੂਰ ਦੀ ਗੱਲ ਸਗੋਂ ਹੁਣ ਇਸ ਤੋਂ ਪਾਸਾ ਹੀ ਵੱਟ ਲਿਆ ਗਿਆ ਹੈ ਅਤੇ ਇਸ ਨੂੰ ਕੇਂਦਰ ਨਾਲ ਜੋੜ ਕੇ ਰੱਖ ਦਿੱਤਾ ਗਿਆ ਹੈ। ਕੱਚੇ ਮੁਲਾਜ਼ਮ ਪੱਕੇ ਕਰਨ ਸਬੰਧੀ ਜੋ ਨੀਤੀ ਇਹ ਸਰਕਾਰ ਲੈ ਕੇ ਆਈ ਹੈ ਇਹ ਅੱਜ ਤੱਕ ਦੀਆਂ ਸਭ ਨੀਤੀਆਂ ਤੋਂ ਮਾੜੀ ਨੀਤੀ ਹੈ ਜਿਸ ਨਾਲ ਸਿਰਫ ਤਾਂ ਸਿਰਫ ਕੁਝ ਮੁਲਾਜ਼ਮ ਜਿਨ੍ਹਾਂ ਨੂੰ ਇਸ ਨੀਤੀ ਤਹਿਤ ਪੱਕੇ ਕੀਤਾ ਗਿਆ ਹੈ ਉਹਨਾਂ ਦੀ ਸਿਰਫ 58 ਸਾਲ ਉਮਰ ਤੱਕ ਨੌਕਰੀ ਦੀ ਹੀ ਗਰੰਟੀ ਹੋਈ ਹੈ ਇਸ ਤੋਂ ਇਲਾਵਾ ਪੱਕਿਆਂ ਵਾਲਾ ਕੋਈ ਵੀ ਲਾਭ ਨਹੀਂ ਦਿੱਤਾ ਗਿਆ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਇੰਦਰਜੀਤ ਵਿਰਦੀ ਨੇ ਕਿਹਾ ਕਿ ਪੰਜਾਬ ਅੰਦਰ ਮੁੱਖ ਮੰਤਰੀ ਵਲੋਂ ਕੋਈ ਵੀ ਸਹੂਲਤ ਨਹੀਂ ਦਿੱਤੀ ਗਈ ਸਗੋਂ ਬਾਹਰਲੇ ਸੂਬਿਆਂ ਵਿੱਚ ਜਾ ਕੇ ਉੱਥੇ ਦੇ ਲੋਕਾਂ ਨੂੰ ਝੂਠ ਪਰੋਸ ਕੇ ਗੁਮਰਾਹ ਕੀਤਾ ਜਾ ਰਿਹਾ ਹੈ।ਹਰਿਆਣਾ ਵਿੱਚ ਹੋ ਰਹੀਆਂ ਚੋਣਾਂ ਮੌਕੇ ਇਸ ਝੂਠ ਦਾ ਪਰਦਾ ਫਾਸ਼ ਕਰਨ ਲਈ ਵਿਧਾਨ ਸਭਾ ਹਲਕਾ ਅੰਬਾਲਾ ਦੇ ਵੋਟਰਾਂ ਨੂੰ ਸੁਚੇਤ ਕਰਨ ਹਿੱਤ ਚੇਤਨਾ ਮਾਰਚ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਇਸ ਰੈਲੀ ਸਬੰਧੀ ਮੁਲਾਜ਼ਮਾਂ ਅੰਦਰ ਭਾਰੀ ਉਤਸ਼ਾਹ ਹੈ ਅਤੇ ਜ਼ਿਿਲਆਂ ਤੋਂ ਪ੍ਰਾਪਤ ਕੀਤੀਆਂ ਰਿਪੋਰਟਾਂ ਅਨੁਸਾਰ ਭਗਵੰਤ ਮਾਨ ਅਤੇ ਆਪ ਸਰਕਾਰ ਦੇ ਝੂਠੇ ਪ੍ਰਚਾਰ ਨੂੰ ਬ੍ਰੇਕ ਲਗਾਉਣ ਲਈ ਮੁਲਾਜ਼ਮ ਆਪਣੇ ਨਿੱਜੀ ਵਾਹਨਾਂ ਅਤੇ ਟ੍ਰੇਨਾਂ ਰਾਹੀ ਵੱਡੀ ਗਿਣਤੀ ਵਿੱਚ ਪਹੁੰਚ ਕੇ ਆਪਣਾ ਜੱਥੇਬੰਦਕ ਫਰਜ਼ ਨਿਭਾਉਣਗੇ।