ਹੁਣ ਪੰਚਾਇਤੀ ਚੋਣਾਂ ਲਈ ਇਕ ਸਰਟੀਫਿਕੇਟ ਜਰੂਰੀ
ਚੰਡੀਗੜ੍ਹ, 27 ਸਤੰਬਰ ਬੋਲੇ ਪੰਜਾਬ ਬਿਊਰੋ :
ਪੰਚਾਇਤੀ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਲਈ ਸੂਬਾ ਸਰਕਾਰ ਨੇ ਇੱਕ ਨਵੀਂ ਸ਼ਰਤ ਲਾਗੂ ਕਰ ਦਿੱਤੀ ਹੈ। ਉਮੀਦਵਾਰਾਂ ਨੂੰ ਨਾਮਜਦਗੀ ਵੇਲੇ ਕੋਈ ਬਕਾਇਆ ਨਹੀਂ ਦਾ ਸਰਟੀਫਿਕੇਟ ਵੀ ਜਮਾਂ ਕਰਵਾਉਣਾ ਪਵੇਗਾ। ਭਾਵ ਚੋਣਾਂ ਲੜਨ ਵਾਲਾ ਉਮੀਦਵਾਰ ਡਿਫਾਲਟਰ ਨਹੀਂ ਹੋਣਾ ਚਾਹੀਦਾ, ਕਰਜ਼ੇ ਦੀ ਅਦਾਇਗੀ ਕਰਨ ਵਿੱਚ ਅਸਫਲ ਹੋਏ ਵਿਅਕਤੀ ਪੰਚਾਇਤੀ ਚੋਣਾਂ ਲੜਨ ਦੇ ਯੋਗ ਨਹੀਂ ਹੋਣਗੇ। ਇਸ ਸੰਬੰਧ ਦੇ ਵਿੱਚ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਕਿ ਉਮੀਦਵਾਰਾਂ ਤੋਂ ਕੋਈ ਇਤਰਾਜ ਨਾ ਹੋਣ ਦੇ ਸਰਟੀਫਿਕੇਟ ਲਏ ਜਾਣ। ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਦੇ ਸਿਰ ਕਿਸੇ ਵੀ ਤਰ੍ਹਾਂ ਦਾ ਪੰਚਾਇਤ ਦਾ ਕੋਈ ਬਕਾਇਆ ਨਹੀਂ ਹੋਣਾ ਚਾਹੀਦਾ। ਪੰਚਾਇਤ ਦੇ ਦੇਣਦਾਰ ਉਮੀਦਵਾਰ ਚੋਣਾਂ ਲੜਨ ਯੋਗ ਨਹੀਂ ਸਮਝੇ ਜਾਣਗੇ। ਜਦੋਂ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ ਤਾਂ ਇਸ ਸੰਬੰਧ ਦੇ ਵਿੱਚ ਪੰਚਾਇਤ ਤੋਂ ਕੋਈ ਇਤਰਾਜ਼ ਨਹੀਂ ਦਾ ਜਾਂ ਕੋਈ ਬਕਾਇਆ ਨਹੀਂ ਦਾ ਸਰਟੀਫਿਕੇਟ ਲੈਣਾ ਲਾਜ਼ਮੀ ਹੋਵੇਗਾ। ਚੋਣ ਕਮਿਸ਼ਨ ਵੱਲੋਂ ਕਿਹਾ ਗਿਆ ਹੈ, ਕਿ ਜਿਹੜੇ ਉਮੀਦਵਾਰ ਸਰਟੀਫਿਕੇਟ ਨਹੀਂ ਦੇ ਸਕਣਗੇ ਉਹ ਇਸ ਦੀ ਥਾਂ ਹਲਫੀਆ ਬਿਆਨ ਵੀ ਦੇ ਸਕਦੇ ਹਨ। ਬਿਆਨ ਦੇ ਵਿੱਚ ਉਮੀਦਵਾਰ ਪੰਚਾਇਤੀ ਸੰਸਥਾਵਾਂ ਦਾ ਬਕਾਇਆ ਸਿਰ ਨਾ ਹੋਣ ਅਤੇ ਪੰਚਾਇਤੀ ਜਮੀਨ ‘ਤੇ ਕਿਸੇ ਕਿਸਮ ਦਾ ਨਜਾਇਜ਼ ਕਬਜ਼ਾ ਨਾ ਕੀਤੇ ਜਾਣ ਬਾਰੇ ਜਾਣਕਾਰੀ ਦੇਣਗੇ।