ਅੰਮ੍ਰਿਤਸਰ, 26 ਸਤੰਬਰ,ਬੋਲੇ ਪੰਜਾਬ ਬਿਊਰੋ :
ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਭਾਰਤੀ ਸ਼ਰਧਾਲੂਆਂ ਦਾ 31 ਮੈਂਬਰੀ ਇਕ ਜਥਾ 7 ਅਕਤੂਬਰ ਨੂੰ ਗੁਰੂ ਜੀ ਦੇ ਜਨਮ ਅਸਥਾਨ ਗੁਰਦੁਆਰਾ ਚੂੰਨਾ ਮੰਡੀ ਲਾਹੌਰ ਵਿਖੇ ਜਥੇਦਾਰ ਜਾਵੇਗਾ।ਇਹ ਜਥਾ ਨਿਸ਼ਾਨ ਸਿੰਘ ਕਾਹਲੋਂ, ਸੇਵਾ ਮੁਕਤ ਸੁਪਰਡੰਟ ਪੰਜਾਬ ਸਕੂਲ ਸਿਖਿਆ ਬੋਰਡ ਦੀ ਅਗਵਾਈ ਹੇਠ ਪਾਕਿਸਤਾਨ ਜਾਵੇਗਾ। ਪਾਕਿਸਤਾਨ ਅੰਬੈਸੀ ਵਲੋਂ ਜਥੇ ਦੇ ਸਮੂਹ ਮੈਂਬਰਾਂ ਨੂੰ 15 ਦਿਨਾਂ ਦੀ ਸਟੇਅ ਵਾਲੇ ਇਕ ਮਹੀਨੇ ਦੇ ਵਿਜੀਟਰ ਵੀਜੇ ਜਾਰੀ ਕੀਤੇ ਗਏ ਹਨ।
ਦੱਸਣਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਮਝੌਤੇ ਅਨੁਸਾਰ ਭਾਰਤ ਤੋਂ ਹਰ ਸਾਲ ਸਿਰਫ ਚਾਰ ਜਥੇ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ, ਵੈਸਾਖੀ, ਸ਼ਹੀਦੀ ਦਿਹਾੜਾ ਗੁਰੂ ਅਰਜਨ ਦੇਵ ਜੀ ਅਤੇ ਮਹਾਂਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਜਾਂਦੇ ਹਨ ਪਰ ਇਹ ਤੀਜੀ ਵਾਰ ਹੈ ਕਿ ਜਥੇਦਾਰ ਨਿਸ਼ਾਨ ਸਿੰਘ ਕਾਹਲੋਂ ਦੀ ਅਗਵਾਈ ਵਿਚ ਇਕ ਸਪੈਸ਼ਲ ਜਥਾ ਭੇਜਿਆ ਜਾ ਰਿਹਾ ਹੈ।
ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਹਰ ਸਾਲ ਉਨ੍ਹਾਂ ਦੇ ਜਨਮ ਅਸਥਾਨ ਚੂੰਨਾ ਮੰਡੀ ਲਾਹੌਰ ਵਿਖੇ 9 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਸ ਸਾਲ 7 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਆਰੰਭ ਹੋਣਗੇ ਅਤੇ 9 ਅਕਤੂਬਰ ਨੂੰ ਭੋਗ ਪੈਣਗੇ। 7 ਅਤੇ 8 ਅਕਤੂਬਰ ਦੀਆਂ ਰਾਤਾਂ ਨੂੰ ਕੀਰਤਨ ਦਰਬਾਰ ਹੋਣਗੇ ਜਿਨ੍ਹਾਂ ਵਿੱਚ ਪ੍ਰਸਿੱਧ ਰਾਗੀ ਜਥੇ ਸ਼ਿਰਕਤ ਕਰਨਗੇ। ਇਹ ਜੱਥਾ ਪਾਕਿਸਤਾਨ ਵਿੱਚ ਬਾਕੀ ਗੁਰਧਾਮਾਂ ਦੇ ਦਰਸ਼ਨ ਕਰਕੇ 18 ਅਕਤੂਬਰ ਨੂੰ ਵਾਪਸ ਭਾਰਤ ਪਰਤੇਗਾ।