ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਵੱਲੋਂ ਮਿਡ ਡੇ ਮੀਲ ਵਰਕਰਜ਼ ਯੂਨੀਅਨ ਨਾਲ ਮੀਟਿੰਗ ਬੇਸਿੱਟਾ.

ਚੰਡੀਗੜ੍ਹ ਪੰਜਾਬ


ਮਿਡ ਡੇ ਮੀਲ ਵਰਕਰਾਂ ਨੂੰ ਘੱਟੋ ਘੱਟ ਉਜ਼ਰਤਾਂ ਦੇਣ ਤੋਂ ਇਨਕਾਰ

ਚੰਡੀਗੜ੍ਹ, 24 ਸਤੰਬਰ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)


ਮਿਡ ਡੇ ਮੀਲ ਵਰਕਰਜ਼ ਯੂਨੀਅਨ ਵੱਲੋਂ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਨਾਲ ਮੁਲਾਕਾਤ ਕੀਤੀ ਗਈ, ਜਿਸ ਵਿੱਚ ਸਿੱਖਿਆ ਮੰਤਰੀ ਅਤੇ ਡੀ.ਜੀ.ਐਸ.ਈ. ਤੋਂ ਇਲਾਵਾ ਜਥੇਬੰਦੀ ਵੱਲੋਂ ਲਖਵਿੰਦਰ ਕੌਰ ਫਰੀਦਕੋਟ, ਮਮਤਾ ਸ਼ਰਮਾਂ, ਰਮਨਜੀਤ ਕੌਰ ਮੁਕਤਸਰ ਅਤੇ ਪ੍ਰਵੀਨ ਕੁਮਾਰੀ ਲੁਧਿਆਣਾ ਸ਼ਾਮਲ ਸਨ। ਮੀਟਿੰਗ ਦੌਰਾਨ ਜਥੇਬੰਦੀ ਵੱਲੋਂ ਮਿਡ ਡੇ ਮੀਲ ਵਰਕਰਾਂ ‘ਤੇ ਘੱਟੋ ਘੱਟ ਉਜ਼ਰਤਾਂ ਦਾ ਕਾਨੂੰਨ ਲਾਗੂ ਕਰਨ ਦੀ ਮੰਗ ਕੀਤੀ ਗਈ। ਜਿਸ ਬਾਰੇ ਸਿੱਖਿਆ ਮੰਤਰੀ ਵੱਲੋਂ ਟਾਲ ਮਟੋਲ ਵਾਲੀ ਨੀਤੀ ਅਪਣਾਈ ਗਈ। ਇਸ ਬਾਰੇ ਜਥੇਬੰਦੀ ਨੇ ਕਿਹਾ ਕਿ ਘੱਟੋ ਘੱਟ ਉਜ਼ਰਤਾਂ ਦੇਣ ਬਾਰੇ ਆਮ ਆਦਮੀ ਸਰਕਾਰ ਵੱਲੋਂ ਵੀ ਪਹਿਲੀਆਂ ਸਰਕਾਰਾਂ ਵਾਲੀ ਘਸੀ ਪਿਟੀ ਡੰਗ ਟਪਾਊ ਨੀਤੀ ਬਰਕਰਾਰ ਰੱਖੀ ਜਾ ਰਹੀ ਹੈ। ਉਹਨਾ ਨੇ ਕਿਹਾ ਕਿ ਮਿਡ ਡੇ ਮੀਲ ਵਰਕਰਾਂ ਨੂੰ ਘੱਟੋ ਘੱਟ ਉਜ਼ਰਤਾਂ ਦੇਣਾ ਤਾਂ ਦੂਰ ਦੀ ਗੱਲ ਹੈ ਸਗੋਂ ਆਮ ਆਦਮੀ ਸਰਕਾਰ ਵੱਲੋਂ ਚੋਣ ਵਾਅਦੇ ਮੁਤਾਬਕ 6 ਹਜ਼ਾਰ ਰੁਪਏ ਤਨਖਾਹ ਵੀ ਲਾਗੂ ਨਹੀਂ ਕੀਤੀ ਜਾ ਰਹੀ।
ਜਥੇਬੰਦੀ ਨਾਲ ਗੱਲ ਕਰਦਿਆਂ ਸਿੱਖਿਆ ਮੰਤਰੀ ਨੇ ਦੱਸਿਆ ਕਿ ਮਿਡ ਡੇ ਮੀਲ ਵਰਕਰਾਂ ਦੀ 1500 ਰੁਪਏ ਤਨਖਾਹ ਵਾਧੇ ਦੀ ਫਾਈਲ ਵਿੱਤ ਵਿਭਾਗ ਵਿੱਚ ਮਨਜ਼ੂਰੀ ਲਈ ਫਸੀ ਹੋਈ ਹੈ ਜਿਸ ਬਾਰੇ ਫੈਸਲਾ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ ਨੇ ਲੈਣਾ ਹੈ। ਜਥੇਬੰਦੀ ਵੱਲੋਂ ਵਰਕਰਾਂ ਦੀਆਂ ਹੋਰ ਮੰਗਾਂ ‘ਤੇ ਗੱਲ ਕਰਦਿਆਂ ਸਿੱਖਿਆ ਮੰਤਰੀ ਵੱਲੋਂ ਵਰਕਰਾਂ ਦੀਆਂ ਛੁੱਟੀਆਂ ਬਾਰੇ, ਗਰਮ ਠੰਡੀ ਵਰਦੀ ਬਾਰੇ ਅਤੇ 5 ਲੱਖ ਰੁਪਏ ਦੇ ਬੀਮੇ ਬਾਰੇ ਜਲਦੀ ਪੱਤਰ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ।
ਮੀਟਿੰਗ ਉਪਰੰਤ ਆਗੂਆਂ ਨੇ ਸਿੱਖਿਆ ਮੰਤਰੀ ਵੱਲੋਂ ਵਰਕਰਾਂ ਦੀਆਂ ਮੰਗਾਂ ਸਬੰਧੀ ਅਪਣਾਈ ਟਾਲ ਮਟੋਲ ਦੀ ਨਿਖੇਧੀ ਕੀਤੀ ਗਈ ਅਤੇ ਮਿਡ ਡੇ ਮੀਲ ਵਰਕਰਾਂ ਨੂੰ ਅਗਲੇ ਤਿੱਖੇ ਸੰਘਰਸ਼ਾਂ ਵਾਸਤੇ ਤਿਆਰ ਰਹਿਣ ਦਾ ਸੱਦਾ ਦਿੱਤਾ।

Leave a Reply

Your email address will not be published. Required fields are marked *