ਬਰਤਾਨੀਆਂ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਮਿਲੀਆਂ ਜਾਨੋ ਮਾਰਨ ਦੀਆਂ ਧਮਕੀਆਂ
ਲੰਡਨ, 24 ਸਤੰਬਰ,ਬੋਲੇ ਪੰਜਾਬ ਬਿਊਰੋ :
ਬਰਤਾਨੀਆਂ ਦੇ ਪਹਿਲੇ ਸਿੱਖ ਸੰਸਦ ਮੈਂਬਰ ਨੇ ‘ਰੀਫ਼ੋਰਮ ਲੀਡਰ’ ਨਿਗੇਲ ਫਾਰੇਜ ਨੂੰ ਚੁਨੌਤੀ ਦਿਤੀ ਹੈ ਕਿ ਉਹ ਅਪਣੇ ਵੋਟਰਾਂ ਨਾਲ ਸਲਾਹ-ਮਸ਼ਵਰਾ ਕਰਨ। ਸਲੋ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਨਸਲੀ ਦੰਗਿਆਂ ਤੋਂ ਬਾਅਦ ਉਨ੍ਹਾਂ ਨੇ ਅਪਣੇ ਹਲਕੇ ’ਚ ਸਥਾਨਕ ਪੁਲਿਸ ਨਾਲ ਮੁਲਾਕਾਤ ਕੀਤੀ ਅਤੇ ਲੋਕਾਂ ਨੂੰ ਮਿਲਣ ਦੇ ਸੁਰੱਖਿਆ ਖਤਰਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ।
ਉਨ੍ਹਾਂ ਕਿਹਾ, ‘‘ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਮੇਰੀ ਟੀਮ ਨੇ ਇਸ ਨੂੰ ਮੇਰੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ। ਪਰ ਮੈਨੂੰ ਅਪਣੀ ਸਥਾਨਕ ਪੁਲਿਸ, ਸਥਾਨਕ ਕੌਂਸਲਰਾਂ ਅਤੇ ਹੋਰਾਂ ਨਾਲ ਮਿਲ ਕੇ ਗੱਲਬਾਤ ਕਰਨੀ ਪਈ ਕਿ ਅਸੀਂ ਇਸ ਨਾਲ ਕਿਵੇਂ ਨਜਿੱਠਾਂਗੇ?’’
ਉਸ ਨੇ ਇਕ ਸਥਾਨਕ ਅਖ਼ਬਾਰ ‘ਦ ਮਿਰਰ’ ਦੇ ਨਿਊਜ਼ ਏਜੰਡਾ ਪੋਡਕਾਸਟ ਨੂੰ ਇਹ ਵੀ ਦਸਿਆ ਕਿ ਹੁਣ ਉਨ੍ਹਾਂ ਨੂੰ ਲੋਕਾਂ ਨਾਲ ਬੈਠਕਾਂ ਕਰਦੇ ਸਮੇਂ ਪੁਲਿਸ ਦੀ ਮੌਜੂਦਗੀ ਰੱਖਣੀ ਪਵੇਗੀ। ਢੇਸੀ ਨੇ ਕਿਹਾ, ‘‘ਮੈਨੂੰ ਸਿੱਖ ਹੋਣ ’ਤੇ ਮਾਣ ਹੈ ਅਤੇ ਮੈਨੂੰ ਬ੍ਰਿਟਿਸ਼ ਹੋਣ ’ਤੇ ਵੀ ਮਾਣ ਹੈ। ਨਸਲਵਾਦੀ ਅਤੇ ਹੋਰ ਮੈਨੂੰ ਰੋਕ ਨਹੀਂ ਸਕਦੇ।’’