ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ‘ਚ ਭਲਕੇ ਪੈਣਗੀਆਂ ਵੋਟਾਂ
ਸ਼੍ਰੀਨਗਰ, 24 ਸਤੰਬਰ,ਬੋਲੇ ਪੰਜਾਬ ਬਿਊਰੋ:
ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ‘ਚ ਭਲਕੇ ਬੁੱਧਵਾਰ (25 ਸਤੰਬਰ) ਨੂੰ 6 ਜ਼ਿਲਿਆਂ ਦੀਆਂ 26 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋਵੇਗੀ। ਇਸ ਵਿੱਚ 25.78 ਲੱਖ ਵੋਟਰ ਆਪਣੀ ਵੋਟ ਪਾ ਸਕਣਗੇ।
ਦੂਜੇ ਪੜਾਅ ਦੀਆਂ 26 ਸੀਟਾਂ ਵਿੱਚੋਂ 15 ਸੀਟਾਂ ਕੇਂਦਰੀ ਕਸ਼ਮੀਰ ਅਤੇ 11 ਸੀਟਾਂ ਜੰਮੂ ਦੀਆਂ ਹਨ। ਚੋਣ ਕਮਿਸ਼ਨ ਮੁਤਾਬਕ ਦੂਜੇ ਪੜਾਅ ‘ਚ 239 ਉਮੀਦਵਾਰ ਮੈਦਾਨ ‘ਚ ਹਨ। ਇਨ੍ਹਾਂ ਵਿੱਚੋਂ 233 ਪੁਰਸ਼ ਅਤੇ 6 ਔਰਤਾਂ ਹਨ।
ਦੂਜੇ ਪੜਾਅ ਵਿੱਚ 131 ਉਮੀਦਵਾਰ ਕਰੋੜਪਤੀ ਹਨ ਅਤੇ 49 ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ। ਜੰਮੂ-ਕਸ਼ਮੀਰ ਦੇ ਭਾਜਪਾ ਪ੍ਰਧਾਨ ਰਵਿੰਦਰ ਰੈਨਾ ਨੇ ਆਪਣੀ ਜਾਇਦਾਦ ਸਿਰਫ 1,000 ਰੁਪਏ ਦੱਸੀ ਹੈ।
ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਗੰਦਰਬਲ ਅਤੇ ਬੇਰਵਾਹ ਤੋਂ ਚੋਣ ਲੜ ਰਹੇ ਹਨ। ਉਮਰ ਲੋਕ ਸਭਾ ਚੋਣਾਂ ਵਿੱਚ ਬਾਰਾਮੂਲਾ ਸੀਟ ਤੋਂ ਤਿਹਾੜ ਜੇਲ੍ਹ ਤੋਂ ਚੋਣ ਲੜ ਰਹੇ ਇੰਜੀਨੀਅਰ ਰਸ਼ੀਦ ਤੋਂ ਹਾਰ ਗਏ ਸਨ। ਇਸ ਵਾਰ ਵੀ ਗੰਦਰਬਲ ਸੀਟ ‘ਤੇ ਉਨ੍ਹਾਂ ਦੇ ਖਿਲਾਫ ਜੇਲ ‘ਚ ਬੰਦ ਸਰਜਨ ਅਹਿਮਦ ਵੇਜ ਉਰਫ ਅਜ਼ਾਦੀ ਚਾਚਾ ਚੋਣ ਮੈਦਾਨ ‘ਚ ਹਨ।
ਪਹਿਲੇ ਪੜਾਅ ਵਿੱਚ 18 ਸਤੰਬਰ ਨੂੰ 7 ਜ਼ਿਲ੍ਹਿਆਂ ਦੀਆਂ 24 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋਈ। ਇਸ ਦੌਰਾਨ 61.38 ਫੀਸਦੀ ਵੋਟਿੰਗ ਹੋਈ। ਸਭ ਤੋਂ ਵੱਧ ਮਤਦਾਨ ਕਿਸ਼ਤਵਾੜ ਵਿੱਚ 80.20% ਅਤੇ ਪੁਲਵਾਮਾ ਵਿੱਚ ਸਭ ਤੋਂ ਘੱਟ 46.99% ਰਿਹਾ।