ਜਦੋਂ ਸੁਪਰੀਮ ਕੋਰਟ ਨੇ ਕੋਈ ਰੋਕ ਨਹੀਂ ਲਗਾਈ ਤਾਂ ਨਗਰ ਕੌਂਸਲ ਚੋਣਾਂ ਕਿਉਂ ਨਹੀਂ ਕਰਵਾ ਰਹੇ, ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ
ਚੰਡੀਗੜ੍ਹ, 24 ਸਤੰਬਰ,ਬੋਲੇ ਪੰਜਾਬ ਬਿਊਰੋ :
ਪੰਜਾਬ ਵਿਚ ਨਗਰ ਕੌਂਸਲ ਚੋਣਾਂ ਨਾ ਕਰਵਾਉਣ ਕਾਰਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਖ਼ਤੀ ਵਰਤਦਿਆਂ ਪੰਜਾਬ ਸਰਕਾਰ ਨੂੰ ਪੁਛਿਆ ਹੈ ਕਿ ਜਦੋਂ ਸੁਪਰੀਮ ਕੋਰਟ ਨੇ ਕੋਈ ਰੋਕ ਨਹੀਂ ਲਗਾਈ ਤਾਂ ਸਰਕਾਰ ਨਗਰ ਕੌਂਸਲ ਚੋਣਾਂ ਕਿਉਂ ਨਹੀਂ ਕਰਵਾ ਰਹੀ?
ਦਰਅਸਲ ਪਿਛਲੀ ਸੁਣਵਾਈ ’ਤੇ ਹਾਈ ਕੋਰਟ ਨੇ ਪ੍ਰਮੁੱਖ ਸਕੱਤਰ ਤੋਂ ਹਲਫ਼ਨਾਮਾ ਮੰਗ ਲਿਆ ਸੀ ਕਿ ਕੌਂਸਲ ਚੋਣਾਂ ਕਦੋਂ ਕਰਵਾਈਆਂ ਜਾਣਗੀਆਂ? ਪਰ ਸੋਮਵਾਰ ਨੂੰ ਐਡਵੋਕੇਟ ਜਨਰਲ ਨੇ ਚੀਫ਼ ਜਸਟਿਸ ਦੀ ਬੈਂਚ ਮੁਹਰੇੇ ਪੇਸ਼ ਹੋ ਕੇ ਕਿਹਾ ਹੈ ਕਿ ਅਜੇ ਵਾਰਡਬੰਦੀ ਵਾਲੇ ਹੁਕਮ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿਤੀ ਹੋਈ ਹੈ। ਇਸੇ ਕਾਰਨ ਅਜੇ ਕੌਂਸਲ ਚੋਣਾਂ ਬਾਰੇ ਕੋਈ ਫ਼ੈਸਲਾ ਨਹੀਂ ਹੋ ਸਕਿਆ।
ਹਾਈ ਕੋਰਟ ਨੇ ਪੁਛਿਆ ਕਿ ਸੁਪਰੀਮ ਕੋਰਟ ਨੇ ਰੋਕ ਲਗਾਈ ਹੈ। ਇਸ ’ਤੇ ਏਜੀ ਨੇ ਕਿਹਾ ਕਿ ਨਹੀਂ ਜਿਸ ’ਤੇ ਬੈਂਚ ਨੇ ਸਖ਼ਤੀ ਵਰਤਦਿਆਂ ਪੁਛਿਆ ਕਿ ਫਿਰ ਕੌਂਸਲ ਚੋਣਾਂ ਕਰਵਾਉਣ ਤੋਂ ਕਿਸ ਨੇ ਰੋਕਿਆ। ਏਜੀ ਨੇ ਬੈਂਚ ਨੂੰ ਭਰੋਸਾ ਦਿਵਾਇਆ ਕਿ ਅਗਲੀ ਸੁਣਵਾਈ ’ਤੇ ਕੌਂਸਲ ਚੋਣਾਂ ਦਾ ਸ਼ਡਿਊਲ ਪੇਸ਼ ਕਰ ਦਿਤਾ ਜਾਵੇਗਾ।
ਦਰਅਸਲ ਨਗਰ ਕੌਂਸਲ ਚੋਣਾਂ ਕਰਵਾਏ ਜਾਣ ਨੂੰ ਲੈ ਕੇ ਮਲੇਰਕੋਟਲਾ ਦੇ ਬੇਅੰਤ ਕੁਮਾਰ ਨੇ ਵਕੀਲਾਂ ਭੀਸ਼ਮ ਕਿੰਗਰ ਤੇ ਅੰਗਰੇਜ਼ ਸਿੰਘ ਸਰਵਾਰਾ ਰਾਹੀਂ ਲੋਕਹਿਤ ਪਟੀਸ਼ਨ ਦਾਖ਼ਲ ਕੀਤੀ ਸੀ।