ਅਸਮਾਨੀ ਬਿਜਲੀ ਡਿੱਗਣ ਨਾਲ 9 ਲੋਕਾਂ ਦੀ ਮੌਤ
ਰਾਏਪੁਰ, 24 ਸਤੰਬਰ,ਬੋਲੇ ਪੰਜਾਬ ਬਿਊਰੋ :
ਛੱਤੀਸਗੜ੍ਹ ਵਿੱਚ ਖ਼ਰਾਬ ਮੌਸਮ ਦਰਮਿਆਨ ਅਸਮਾਨੀ ਬਿਜਲੀ ਨੇ ਕਹਿਰ ਢਾਹਿਆ ਹੈ। 24 ਘੰਟਿਆਂ ਦੇ ਅੰਦਰ ਰਾਜ ਦੇ ਦੋ ਜ਼ਿਲ੍ਹਿਆਂ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ 9 ਲੋਕਾਂ ਦੀ ਮੌਤ ਹੋ ਗਈ ਅਤੇ ਇੰਨੇ ਹੀ ਲੋਕ ਬੁਰੀ ਤਰ੍ਹਾਂ ਝੁਲਸ ਗਏ। ਛੱਤੀਸਗੜ੍ਹ ਦੇ ਰਾਜਨੰਦਗਾਓਂ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਅਸਮਾਨੀ ਬਿਜਲੀ ਡਿੱਗਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ਵਿੱਚ ਕੁਝ ਸਕੂਲੀ ਬੱਚੇ ਵੀ ਸ਼ਾਮਲ ਹਨ। ਇੱਕ ਦਿਨ ਪਹਿਲਾਂ ਜੰਜਗੀਰ-ਚੰਪਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਜਦੋਂ ਕਿ 8 ਝੁਲਸ ਗਏ ਸਨ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਕਰੀਬ ਡੇਢ ਵਜੇ ਜ਼ਿਲੇ ਦੇ ਸੋਮਨੀ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਜੋਰਾਤਰਾਈ ‘ਚ ਅਸਮਾਨੀ ਬਿਜਲੀ ਡਿੱਗਣ ਕਾਰਨ ਕੁਝ ਸਕੂਲੀ ਬੱਚਿਆਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ।