2364 ਈਟੀਟੀ ਭਰਤੀ ਵਿੱਚ ਕਈ ਕੈਟੇਗਰੀਆਂ ਨੂੰ ਸਟੇਸ਼ਨ ਚੋਣ ਤੋਂ ਵਾਂਝੇ ਰੱਖਣ ਦੀ ਸਖ਼ਤ ਨਿਖੇਧੀ

ਚੰਡੀਗੜ੍ਹ ਪੰਜਾਬ

2364 ਈਟੀਟੀ ਭਰਤੀ ਨੂੰ ਮੁਕੰਮਲ ਕਰਨ ਵਿੱਚ ਸਿੱਖਿਆ ਵਿਭਾਗ ਨਹੀਂ ਸੁਹਿਰਦ: ਡੀਟੀਐੱਫ

ਚੰਡੀਗੜ੍ਹ 23 ਸਤੰਬਰ,ਬੋਲੇ ਪੰਜਾਬ ਬਿਊਰੋ :


ਇੱਕ ਮਹੀਨੇ ਤੋਂ ਵੀ ਜਿਆਦਾ ਸਮੇਂ ਤੋਂ ਸਿੱਖਿਆ ਵਿਭਾਗ ਪੰਜਾਬ ਦੇ ਦਫਤਰ ਮੋਹਾਲੀ ਅੱਗੇ ਧਰਨੇ ‘ਤੇ ਡਟੇ 2364 ਈਟੀਟੀ ਸਿਲੈਕਟਡ ਅਧਿਆਪਕਾਂ ਦੀ ਰੁਜ਼ਗਾਰ ਪ੍ਰਾਪਤੀ ਦਾ ਮਾਮਲਾ ਸਕੂਲ ਸਿੱਖਿਆ ਵਿਭਾਗ ਵੱਲੋਂ ਖੜੇ ਕੀਤੇ ਜਾਂਦੇ ਗੈਰ ਵਾਜਿਬ ਅੜਿੱਕਿਆਂ ਕਾਰਨ ਲਗਾਤਾਰ ਲਟਕਦਾ ਆ ਰਿਹਾ ਹੈ। ਦਰਅਸਲ ਬੀਤੀ 20 ਸਤੰਬਰ ਨੂੰ ਦਫ਼ਤਰ ਡਾਇਰੈਕਟਰ ਸਕੂਲ ਸਿੱਖਿਆ (ਐਲੀਮੈਂਟਰੀ) ਵੱਲੋਂ 21 ਤੋਂ 24 ਸਤੰਬਰ ਦਰਮਿਆਨ ਆਨ ਲਾਇਨ ਸਟੇਸ਼ਨ ਚੋਣ ਕਰਵਾਉਣ ਦਾ ਪੱਤਰ ਜਾਰੀ ਕੀਤਾ ਗਿਆ ਸੀ, ਪ੍ਰੰਤੂ ਇਸ ਪ੍ਰਕਿਰਿਆ ਵਿੱਚ ਕੇਵਲ ਓਪਨ ਅਤੇ ਐੱਸ.ਸੀ. (ਐੱਮ ਐਂਡ ਓ) ਵਰਗਾਂ ਦੇ ਉਮੀਦਵਾਰਾਂ ਨੂੰ ਹੀ ਸਟੇਸ਼ਨ ਚੋਣ ਦਾ ਮੌਕਾ ਦਿੱਤਾ ਜਾ ਰਿਹਾ ਹੈ, ਜਦ ਕਿ ਐੱਸ.ਸੀ. (ਆਰ ਐਂਡ ਓ), ਬੀ.ਸੀ., ਈ.ਡਬਲਯੂ.ਐੱਸ., ਹੈਂਡੀਕੈਪਟ ਅਤੇ ਹੋਰ ਵਰਗਾਂ ਦੇ ਸਿਲੈਕਟਡ ਅਧਿਆਪਕਾਂ ਨੂੰ ਛੱਡ ਦਿੱਤਾ ਗਿਆ ਹੈ। ਅਧਿਆਪਕ ਜਥੇਬੰਦੀ ਡੀ.ਟੀ.ਐੱਫ. ਨੇ ਇਸ ਸਭ ਨੂੰ ਲੈ ਕੇ ਸਕੂਲ ਸਿੱਖਿਆ ਵਿਭਾਗ ਦੀ ਸਖ਼ਤ ਨਿਖੇਧੀ ਕੀਤੀ ਹੈ।

ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਸਿੱਖਿਆ ਵਿਭਾਗ ਦੀ ਮਾੜੀ ਕਾਰਜੁਗਾਰੀ ‘ਤੇ ਗੰਭੀਰ ਸਵਾਲ ਕਰਦਿਆਂ 2364 ਈ.ਟੀ.ਟੀ. ਭਰਤੀ ਵਿੱਚੋਂ ਰਹਿੰਦੇ ਅਧਿਆਪਕਾਂ ਨੂੰ ਵੀ ਫੌਰੀ ਸਟੇਸ਼ਨ ਚੋਣ ਲਈ ਜਾਰੀ ਕੀਤੀ ਸਮਾਂ ਸਾਰਨੀ ਅਨੁਸਾਰ ਹੀ ਵਿਚਾਰਨ ਅਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਹੀ ਸਟੇਸ਼ਨ ਚੋਣ ਲਈ ਖੋਲ੍ਹਣ ਦੀ ਮੰਗ ਵੀ ਕੀਤੀ ਹੈ। ਆਗੂਆਂ ਨੇ ਦੱਸਿਆ ਕਿ ਸਾਲ 2020 ਦੇ ਵਿੱਚ ਨਿਕਲੀ ਇਸ ਭਰਤੀ ਨੂੰ ਪਿਛਲੀ ਸਰਕਾਰ ਦੇ ਨਾਲ ਨਾਲ ਹੁਣ ‘ਬਦਲਾਅ’ ਦਾ ਨਾਅਰਾ ਦੇ ਕੇ ਆਈ ਸਰਕਾਰ ਵੱਲੋਂ ਵੀ ਲਗਾਤਾਰ ਲਟਕਾਇਆ ਗਿਆ ਹੈ। ਹੁਣ ਵੀ ਸਿੱਖਿਆ ਵਿਭਾਗ ਵੱਲੋਂ ਪਿਛਲੇ ਦਿਨੀ ਇਸ ਭਰਤੀ ਦੇ ਚੁਣੇ ਹੋਏ ਅਧਿਆਪਕਾਂ ਲਈ ਪਹਿਲਾਂ 17 ਸਤੰਬਰ ਤੋਂ ਸਟੇਸ਼ਨ ਚੋਣ ਕਰਵਾਉਣ ਦੀ ਸਮਾਂ ਸਾਰਨੀ ਜਾਰੀ ਕੀਤੀ ਗਈ ਸੀ, ਜੋ ਕਿ ਬਾਅਦ ਵਿੱਚ ਰੱਦ ਕਰ ਦਿੱਤੀ ਗਈ ਸੀ। ਹੁਣ ਸ਼ੁਰੂ ਕੀਤੀ ਸਟੇਸ਼ਨ ਚੋਣ ਦੀ ਪ੍ਰਕਿਰਿਆ ਵਿੱਚੋਂ ਵੀ ਬਹੁਤ ਸਾਰੇ ਵਰਗਾਂ ਨਾਲ ਸੰਬੰਧਿਤ ਸਿਲੈਕਟਡ ਅਧਿਆਪਕਾਂ ਨੂੰ ਭਰਤੀ ਲਟਕਾਉਣ ਦੀ ਗੰਭੀਰ ਸਾਜ਼ਿਸ਼ ਤਹਿਤ ਛੱਡ ਦਿੱਤਾ ਗਿਆ ਹੈ। ਡੀ ਟੀ ਐੱਫ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਭਰਤੀ ਨੂੰ ਲਟਕਾਉਣਾ ਵਿਦਿਆਰਥੀਆਂ ਨਾਲ ਧ੍ਰੋਹ ਕਮਾਉਣ ਦੇ ਬਰਾਬਰ ਹੈ। ਭਰਤੀ ਵੇਲੇ ਕੁਝ ਕੁ ਜ਼ਿਲ੍ਹਿਆਂ ਦੇ ਸਟੇਸ਼ਨ ਦਿਖਾਉਣਾ ਅਤੇ ਵੱਖ-ਵੱਖ ਵਰਗਾਂ ਦੇ ਉਮੀਦਵਾਰਾਂ ਨੂੰ ਸਟੇਸ਼ਨ ਚੋਣ ਤੋਂ ਵਾਂਝੇ ਰੱਖਣਾ ਵੀ ਵਿਤਕਰੇ ਵਾਲੀ ਸਥਿਤੀ ਪੈਦਾ ਕਰਨ ਦੇ ਸਮਾਨ ਹੈ। ਉਨ੍ਹਾਂ ਕਿਹਾ ਕਿ ਲੋੜ ਇਸ ਗੱਲ ਦੀ ਹੈ ਕਿ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਹੀ ਨਵੀਂ ਭਰਤੀ ਕੀਤੀ ਜਾਵੇ ਤਾਂ ਜੋ ਸਾਰੇ ਸਕੂਲਾਂ ਦੇ ਬੱਚਿਆਂ ਨੂੰ ਹੀ ਅਧਿਆਪਕ ਮਿਲਣ ਸਕਣ ਅਤੇ ਇਹਨਾਂ ਅਧਿਆਪਕਾਂ ਦੀ ਵੀ ਰੁਜ਼ਗਾਰ ਪ੍ਰਾਪਤੀ ਦੀ ਆਸ ਪੂਰੀ ਹੋ ਸਕੇ।

ਆਗੂਆਂ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋਂ ਮੋਹਾਲੀ ਵਿਖੇ ਚੱਲ ਰਹੇ ਇਸ ਮੋਰਚੇ ਦੌਰਾਨ ਅਧਿਆਪਕਾਂ ਵੱਲੋਂ ਆਪਣੀ ਜਾਨਾਂ ਨੂੰ ਜੋਖਮ ਵਿੱਚ ਪਾ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ਪ੍ਰੰਤੂ ਭਰਤੀ ਮੁਕੰਮਲ ਕਰਨ ਦੀ ਥਾਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਗੈਰ ਸੰਵੇਦਨਸ਼ੀਲ ਰਵੱਈਆ ਅਪਣਾਉਂਦੇ ਹੋਏ ਭਰਤੀ ਨੂੰ ਲਗਾਤਾਰ ਲਟਕਾਇਆ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਵਿਭਾਗ ਅਜਿਹਾ ਵਤੀਰਾ ਛੱਡਦੇ ਹੋਏ ਭਰਤੀ ਨੂੰ ਮੁਕੰਮਲ ਕਰੇ ਅਤੇ ਵਿਦਿਆਰਥੀਆਂ ਲਈ ਗੁਣਵੱਤਾ ਭਰਪੂਰ ਸਿੱਖਿਆ ਦਾ ਪ੍ਰਬੰਧ ਕਰੇ।

Leave a Reply

Your email address will not be published. Required fields are marked *