ਸਪਾ ਸੈਂਟਰਾਂ ਦੀ ਆੜ ‘ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, 9 ਔਰਤਾਂ ਸਮੇਤ 11 ਲੋਕ ਗ੍ਰਿਫ਼ਤਾਰ
ਫਗਵਾੜਾ, 23 ਸਤੰਬਰ,ਬੋਲੇ ਪੰਜਾਬ ਬਿਊਰੋ :
ਫਗਵਾੜਾ ‘ਚ ਸਪਾ ਸੈਂਟਰਾਂ ਦੀ ਆੜ ‘ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪੁਲਸ ਨੇ ਪਰਦਾਫਾਸ਼ ਕੀਤਾ ਹੈ। ਇੱਥੇ ਸਪਾ ਸੈਂਟਰ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ। ਜਦੋਂ ਪੁਲਿਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਦੋ ਵੱਖ-ਵੱਖ ਸਪਾ ਸੈਂਟਰਾਂ ‘ਤੇ ਛਾਪੇਮਾਰੀ ਕੀਤੀ ਗਈ। ਪੁਲਿਸ ਟੀਮ ਨੇ 9 ਔਰਤਾਂ ਅਤੇ ਦੋ ਪੁਰਸ਼ਾਂ ਸਮੇਤ ਕੁੱਲ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਸਪਾ ਸੈਂਟਰ ਦੇ ਸੰਚਾਲਕ ਸਮੇਤ 14 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਫਗਵਾੜਾ ਦੀ ਐਸਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਥਾਣਾ ਸਿਟੀ ਦੇ ਐਸਐਚਓ ਜਤਿੰਦਰ ਕੁਮਾਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੁਰੂ ਹਰਗੋਬਿੰਦ ਨਗਰ ਦੇ ਪਿਛਲੇ ਪਾਸੇ ਪ੍ਰਿੰਸ ਨਾਮਕ ਵਿਅਕਤੀ ਡਾਇਮੰਡ ਸਪਾ ਸੈਂਟਰ ਚਲਾਉਂਦਾ ਹੈ, ਜਿਸ ਵਿੱਚ ਨਾਜਾਇਜ਼ ਤੌਰ ’ਤੇ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ।
ਐਸਪੀ ਭੱਟੀ ਅਨੁਸਾਰ ਐਸਐਚਓ ਨੇ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਛਾਪੇਮਾਰੀ ਕਰ ਕੇ ਸਪਾ ਸੈਂਟਰ ਦੇ ਮਾਲਕ ਪ੍ਰਿੰਸ ਸਮੇਤ 7 ਵਿਅਕਤੀਆਂ ਖ਼ਿਲਾਫ਼ ਇਮੋਰਲ ਟਰੈਫਿਕ ਕੰਟਰੋਲ ਐਕਟ 1956 ਤਹਿਤ ਕੇਸ ਦਰਜ ਕਰ ਲਿਆ ਹੈ।
ਇਸੇ ਤਰ੍ਹਾਂ ਥਾਣਾ ਸਿਟੀ ਦੇ ਐਸ.ਐਚ.ਓ ਜਤਿੰਦਰ ਕੁਮਾਰ ਨੂੰ ਗੁਪਤ ਸੂਚਨਾ ਮਿਲੀ ਕਿ ਰਵੀ ਅਤੇ ਕਾਕਾ ਨਾਮੀ ਵਿਅਕਤੀ ਪੁਰਾਣੀ ਸਬਜ਼ੀ ਮੰਡੀ ਬੰਗਾ ਰੋਡ ‘ਤੇ ਹੈਵਨ ਸਪਾ ਸੈਂਟਰ ਚਲਾਉਂਦੇ ਹਨ, ਜਿਸ ਵਿਚ ਨਾਜਾਇਜ਼ ਤੌਰ ‘ਤੇ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ।ਐਸਐਚਓ ਨੇ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਛਾਪਾ ਮਾਰ ਕੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਸੈਂਟਰ ਦੇ ਮਾਲਕ ਰਵੀ ਅਤੇ ਕਾਕਾ ਸਮੇਤ ਸਾਰੇ 7 ਲੋਕਾਂ ਖਿਲਾਫ ਇਮੋਰਲ ਟਰੈਫਿਕ ਕੰਟਰੋਲ ਐਕਟ 1956 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।