ਕੇਜਰੀਵਾਲ BJP ਵੱਲ ਹੋ ਗਏ ਸਿੱਧੇ, RSS ਪ੍ਰਧਾਨ ਮੋਹਨ ਭਾਗਵਤ ਨੂੰ ਪੁੱਛ ਲਏ 5 ਸਵਾਲ
ਨਵੀਂ ਦਿੱਲੀ 22 ਸਤੰਬਰ ,ਬੋਲੇ ਪੰਜਾਬ ਬਿਊਰੋ :
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜੰਤਰ-ਮੰਤਰ ‘ਤੇ ਇਕ ਪ੍ਰੋਗਰਾਮ ‘ਲੋਕ ਅਦਾਲਤ’ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪੀਐਮ ਮੋਦੀ ਅਤੇ ਕੇਂਦਰ ਦੀ ਐਨਡੀਏ ਸਰਕਾਰ ‘ਤੇ ਤਿੱਖਾ ਸਿਆਸੀ ਨਿਸ਼ਾਨਾ ਸਾਧਿਆ। ਅਰਵਿੰਦ ਕੇਜਰੀਵਾਲ ਨੇ ਆਰਐਸਐਸ ਮੁਖੀ ਮੋਹਨ ਭਾਗਵਤ ਨੂੰ ਵੀ 5 ਸਵਾਲ ਪੁੱਛੇ ਹਨ। ਉਨ੍ਹਾਂ ਸਵਾਲ ਕੀਤਾ, ਕੀ ਆਰਐਸਐਸ ਇਸ ਗੱਲ ਨਾਲ ਸਹਿਮਤ ਹੈ ਕਿ ਪ੍ਰਧਾਨ ਮੰਤਰੀ ਮੋਦੀ ਜਿਸ ਤਰ੍ਹਾਂ ਸੀਬੀਆਈ ਦਾ ਡਰ ਦਿਖਾ ਕੇ ਸਰਕਾਰਾਂ ਨੂੰ ਡੇਗ ਰਹੇ ਹਨ ਉਹ ਠੀਕ ਹੈ ? ਕੇਜਰੀਵਾਲ ਨੇ ਇਸ ਪ੍ਰੋਗਰਾਮ ‘ਚ RSS ਮੁਖੀ ਮੋਹਨ ਭਾਗਵਤ ਤੋਂ 5 ਸਵਾਲ ਪੁੱਛੇ ਹਨ। ਪੀਐਮ ਮੋਦੀ ਜਿਸ ਤਰਾਂ ਨਾਲ ਲੋਕਾਂ ਨੂੰ ਲੁਭਾਉਣ ਜਾਂ ED ਤੇ CBI ਦਾ ਡਰ ਦਿਖਾ ਕੇ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਤੋੜ ਰਹੇ ਹਨ ਅਤੇ ਸਰਕਾਰਾਂ ਨੂੰ ਤੋੜ ਰਹੇ ਹਨ। ਕੀ ਇਹ ਦੇਸ਼ ਦੇ ਲੋਕਤੰਤਰ ਲਈ ਸਹੀ ਹੈ? ਕੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਭਾਰਤੀ ਲੋਕਤੰਤਰ ਲਈ ਨੁਕਸਾਨਦੇਹ ਹੈ?
ਜਿਨ੍ਹਾਂ ਆਗੂਆਂ ਨੂੰ ਮੋਦੀ ਖੁਦ ਭ੍ਰਿਸ਼ਟ ਕਹਿੰਦੇ ਸਨ ਉਨ੍ਹਾਂ ਨੂੰ ਪਾਰਟੀ ‘ਚ ਮੋਦੀ ਨੇ ਸ਼ਾਮਿਲ ਕਰ ਲਿਆ ਹੈ। ਕੀ ਤੁਸੀਂ ਅਜਿਹੀ ਭਾਜਪਾ ਦੀ ਕਲਪਨਾ ਕੀਤੀ ਸੀ? ਕੀ ਤੁਸੀਂ ਇਸ ਕਿਸਮ ਦੀ ਰਾਜਨੀਤੀ ਨਾਲ ਸਹਿਮਤ ਹੋ?
ਆਰਐਸਐਸ ਬੀਜੇਪੀ ਦੀ ਮਾਂ ਪਾਰਟੀ ਹੈ। ਭਾਜਪਾ ਕੁਰਾਹੇ ਨਾ ਪੈ ਜਾਵੇ ਇਹ ਦੇਖਣਾ ਆਰਐਸਐਸ ਦੀ ਜ਼ਿੰਮੇਵਾਰੀ ਹੈ। ਕੀ ਤੁਸੀਂ ਭਾਜਪਾ ਦੇ ਅੱਜ ਦੇ ਕਦਮਾਂ ਨਾਲ ਸਹਿਮਤ ਹੋ? ਕੀ ਤੁਸੀਂ ਕਦੇ ਮੋਦੀ ਜੀ ਨੂੰ ਇਹ ਸਭ ਨਾ ਕਰਨ ਲਈ ਕਿਹਾ ਸੀ?
ਜੇਪੀ ਨੱਡਾ ਚੋਣਾਂ ਦੌਰਾਨ ਬਿਆਨ ਦੇ ਚੁੱਕੇ ਹਨ ਕਿ ਭਾਜਪਾ ਨੂੰ ਆਰਐਸਐਸ ਦੀ ਲੋੜ ਨਹੀਂ ਹੈ। ਆਰਐਸਐਸ ਭਾਜਪਾ ਦੀ ਮਾਂ ਵਰਗੀ ਹੈ। ਕੀ ਪੁੱਤ ਇੰਨਾ ਵੱਡਾ ਹੋ ਗਿਆ ਹੈ ਕਿ ਮਾਂ ਨੂੰ ਅੱਖਾਂ ਦਿਖਾਉਣ ਲੱਗ ਪਿਆ ਹੈ? ਜਿਸ ਪੁੱਤਰ ਨੂੰ ਮਾਤਾ-ਪਿਤਾ ਦੀ ਦੇਖ-ਰੇਖ ‘ਚ ਪਾਲਿਆ ਅਤੇ ਪ੍ਰਧਾਨ ਮੰਤਰੀ ਬਣਾਇਆ, ਅੱਜ ਉਹ ਮਾਂ-ਬਾਪ ਦੀ ਸੰਸਥਾ ਨੂੰ ਅੱਖਾਂ ਦਿਖਾ ਰਿਹਾ ਹੈ। ਕੀ ਤੁਹਾਨੂੰ ਨਿਰਾਸ਼ਾ ਨਹੀਂ ਹੋਈ ਜਦੋਂ ਨੱਡਾ ਜੀ ਨੇ ਇਹ ਕਿਹਾ? ਕੀ ਹਰ RSS ਵਰਕਰ ਦੁਖੀ ਨਹੀਂ ਹੋਇਆ?
ਆਰਐਸਐਸ ਅਤੇ ਭਾਜਪਾ ਨੇ ਮਿਲ ਕੇ ਇਹ ਕਾਨੂੰਨ ਬਣਾਇਆ ਸੀ ਕਿ ਕਿਸੇ ਵੀ ਵਿਅਕਤੀ ਨੂੰ 75 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਸੇਵਾਮੁਕਤ ਹੋਣਾ ਪਵੇਗਾ। ਇਸ ਕਾਨੂੰਨ ਤਹਿਤ ਅਡਵਾਨੀ ਜੀ ਅਤੇ ਮੁਰਲੀ ਮਨੋਹਰ ਜੋਸ਼ੀ ਜੀ ਵਰਗੇ ਬਹੁਤ ਵੱਡੇ ਨੇਤਾ ਵੀ ਸੇਵਾਮੁਕਤ ਹੋ ਗਏ। ਹੁਣ ਅਮਿਤ ਸ਼ਾਹ ਜੀ ਕਹਿ ਰਹੇ ਹਨ ਕਿ ਮੋਦੀ ਜੀ ‘ਤੇ ਇਹ ਨਿਯਮ ਲਾਗੂ ਨਹੀਂ ਹੋਵੇਗਾ। ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਜੋ ਨਿਯਮ ਅਡਵਾਨੀ ਜੀ ‘ਤੇ ਲਾਗੂ ਹੋਇਆ ਸੀ, ਉਹ ਮੋਦੀ ਜੀ ‘ਤੇ ਲਾਗੂ ਨਹੀਂ ਹੋਵੇਗਾ?