ਪੰਜਾਬ ਪੁਲਸ ਵੱਲੋਂ ਜਾਅਲੀ ਵਿਆਹ ਸਰਟੀਫਿਕੇਟ ਮਾਮਲੇ ‘ਚ ਗ੍ਰੰਥੀ ਗ੍ਰਿਫ਼ਤਾਰ
ਬਠਿੰਡਾ 21 ਸਤੰਬਰ ,ਬੋਲੇ ਪੰਜਾਬ ਬਿਊਰੋ :
ਬਠਿੰਡਾ ਦੇ ਪਿੰਡ ਕੋਟਸ਼ਮੀਰ ਸਥਿਤ ਗੁਰਦੁਆਰਾ ਸਾਹਿਬ ਦੇ ਸਾਬਕਾ ਗ੍ਰੰਥੀ ਖਿਲਾਫ ਗੁਰਦੁਆਰਾ ਸਾਹਿਬ ਦੇ ਲੈਟਰ ਪੈਡ ‘ਤੇ ਜਾਅਲੀ ਵਿਆਹ ਸਰਟੀਫਿਕੇਟ ਜਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਮੁਲਜ਼ਮ ਗ੍ਰੰਥੀ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਥਾਣਾ ਸਦਰ ਬਠਿੰਡਾ ਨੂੰ ਸ਼ਿਕਾਇਤ ਦੇ ਕੇ ਹਰਪ੍ਰੀਤ ਸਿੰਘ ਵਾਸੀ ਪਿੰਡ ਕੋਟਸ਼ਮੀਰ ਨੇ ਦੱਸਿਆ ਕਿ ਮੁਲਜ਼ਮ ਪ੍ਰਗਟ ਸਿੰਘ ਵਾਸੀ ਪਿੰਡ ਬਦਿਆਲਾ ਜ਼ਿਲ੍ਹਾ ਫਤਿਹਾਬਾਦ ਹਰਿਆਣਾ 13 ਜੁਲਾਈ 2024 ਤੱਕ ਗੁਰਦੁਆਰਾ ਚੁਕੇਰੀਆ ਸਾਹਿਬ ਪਿੰਡ ਕੋਟਸ਼ਮੀਰ ਜ਼ਿਲ੍ਹਾ ਬਠਿੰਡਾ ਵਿਖੇ ਗ੍ਰੰਥੀ ਵਜੋਂ ਤਾਇਨਾਤ ਸੀ। ਜਿਸ ਨੂੰ ਗੁਰਦੁਆਰਾ ਸਾਹਿਬ ਦੇ ਲੈਟਰ ਪੈਡ, ਮੋਹਰ ਅਤੇ ਹੋਰ ਸਮਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।ਮੁਲਜ਼ਮ ਪ੍ਰਗਟ ਸਿੰਘ 17 ਜੁਲਾਈ 2024 ਨੂੰ ਗੁਰਦੁਆਰਾ ਸਾਹਿਬ ਤੋਂ ਆਪਣੀ ਡਿਊਟੀ ਛੱਡ ਕੇ ਗੁਰਦੁਆਰਾ ਸਾਹਿਬ ਦਾ ਲੈਟਰ ਪੈਡ ਅਤੇ ਮੋਹਰ ਆਪਣੇ ਨਾਲ ਲੈ ਗਿਆ। ਜਿਸ ਤੋਂ ਬਾਅਦ ਮੁਲਜ਼ਮ ਪ੍ਰਗਟ ਸਿੰਘ ਹੰਸ ਨਗਰ ਬਠਿੰਡਾ ਸਥਿਤ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨ ਲੱਗਾ।
ਜਿੱਥੇ ਉਸ ਨੇ ਗੁਰਦੁਆਰਾ ਚੁਕੇਰੀਆ ਸਾਹਿਬ ਪਿੰਡ ਕੋਟਸ਼ਮੀਰ ਜ਼ਿਲ੍ਹਾ ਬਠਿੰਡਾ ਦੇ ਲੈਟਰ ਪੈਡ ‘ਤੇ ਮੋਹਰ ਲਗਾ ਕੇ ਵਿਆਹ ਦੇ ਸਰਟੀਫਿਕੇਟ ਦੇਣੇ ਸ਼ੁਰੂ ਕਰ ਦਿੱਤੇ। ਇਸ ਬਾਰੇ ਉਸ ਨੂੰ ਪਤਾ ਲੱਗਾ ਅਤੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਪੁਲਸ ਨੇ ਸ਼ਿਕਾਇਤ ਦੇ ਆਧਾਰ ‘ਤੇ ਪ੍ਰਗਟ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।