ਜਗਰਾਉਂ ਪੁਲਿਸ ਦੀ ਕਾਰਗੁਜ਼ਾਰੀ ‘ਤੇ ਖੜੇ ਹੋਏ ਵੱਡੇ ਸਵਾਲ, ਬਲਾਤਕਾਰ ਮਾਮਲੇ ‘ਚ ਨਹੀਂ ਕੀਤਾ ਪਰਚਾ ਦਰਜ

ਚੰਡੀਗੜ੍ਹ ਪੰਜਾਬ

ਜਗਰਾਉਂ ਪੁਲਿਸ ਦੀ ਕਾਰਗੁਜ਼ਾਰੀ ‘ਤੇ ਖੜੇ ਹੋਏ ਵੱਡੇ ਸਵਾਲ, ਬਲਾਤਕਾਰ ਮਾਮਲੇ ‘ਚ ਨਹੀਂ ਕੀਤਾ ਪਰਚਾ ਦਰਜ


ਮੁਹਾਲੀ 20 ਸਤੰਬਰ ,ਬੋਲੇ ਪੰਜਾਬ ਬਿਊਰੋ :

ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਉਨਾਂ ਦੇ ਸਾਥੀਆਂ ਨੇ ਜਗਰਾਉਂ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਵੱਡੇ ਸਵਾਲ ਖੜੇ ਕਰਦਿਆਂ ਕਿਹਾ ਕਿ ਜਗਰਾਉਂ ਪੁਲਿਸ ਵੱਲੋਂ ਰੇਪ ਪੀੜਤ ਲੜਕੀ ਦੇ ਪਰਿਵਾਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਰੇਪ ਦਾ ਪਰਚਾ ਦਰਜ ਨਹੀਂ ਕੀਤਾ ਗਿਆ।
ਮਹਾਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਅੰਮ੍ਰਿਤਪਾਲ ਸਿੰਘ ਨੇ ਚਰਨ ਘਾਟ ਠਾਠ ਦੇ ਮੁਖੀ ਬਲਜਿੰਦਰ ਸਿੰਘ ਵੱਲੋਂ ਵੱਖ ਵੱਖ ਲੜਕੀਆਂ ਦੇ ਸ਼ੋਸ਼ਣ ਦੇ ਮਾਮਲੇ ਉਜਾਗਰ ਕੀਤੇ।
ਉਹਨਾਂ ਕਿਹਾ ਕਿ ਇਸ ਅਖੌਤੀ ਬਾਬੇ ਨੇ 6 ਲੜਕੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਅਤੇ ਕੁਝ ਲੜਕੀਆਂ ਹੋਰ ਵੀ ਹਨ ਜੋ ਬੋਲਣਾ ਨਹੀਂ ਚਾਹੁੰਦੀਆਂ। ਇੱਕ ਲੜਕੀ ਦੀ ਉਦਾਹਰਨ ਦਿੰਦਿਆਂ ਉਹਨਾਂ ਕਿਹਾ ਕਿ ਉਸ ਲੜਕੀ ਨੂੰ ਵਰਗਲਾ ਕੇ ਲਜਾਇਆ ਗਿਆ ਕਿ ਉਸਦੇ ਪਰਿਵਾਰ ਦੇ ਦੁੱਖ ਮਿਟਵਾ ਦਿੱਤੇ ਜਾਣਗੇ ਪਰ ਉਸ ਨੂੰ ਇੱਕ ਹੋਟਲ ਵਿੱਚ ਲਿਜਾਕੇ ਕੁੱਟ ਮਾਰਨ ਤੋਂ ਬਾਅਦ ਉਸਦੀ ਵੀਡੀਓ ਬਣਾਈ ਗਈ ਅਤੇ ਚਾਰ ਘੰਟੇ ਉਸ ਨੂੰ ਕਮਰੇ ‘ਚ ਬੰਦੀ ਬਣਾ ਕੇ ਬਲਾਸਕਾਰ ਕੀਤਾ ਗਿਆ।
ਉਹਨਾਂ ਕਿਹਾ ਕਿ ਇਹ ਅਖੌਤੀ ਬਾਬਾ ਲੜਕੀਆਂ ਨੂੰ ਝਾਂਸੇ ਵਿੱਚ ਲੈ ਕੇ ਉਹਨਾਂ ਦੀ ਵੀਡੀਓ ਬਣਾਉਂਦਾ ਸੀ ਅਤੇ ਫਿਰ ਲਗਾਤਾਰ ਸਰੀਰਕ ਸ਼ੋਸ਼ਣ ਕਰਦਾ ਸੀ। ਇੱਕ ਕੇਸ ਵਿੱਚ ਭਾਵੇਂ ਉਸ ਨੂੰ ਪੁਲਿਸ ਨੇ ਅੰਦਰ ਕਰ ਦਿੱਤਾ ਗਿਆ ਹੈ ਪਰ ਦੂਸਰੇ ਕੇਸ ਵਿੱਚ ਪੁਲਿਸ ਪਰਚਾ ਦਰਜ ਨਹੀਂ ਕਰ ਰਹੀ। ਉਨਾਂ ਜਗਰਾਉਂ ਦੇ ਸਬੰਧਤ ਡੀਐਸਪੀ ਉੱਤੇ ਰਿਸ਼ਵਤਖੋਰੀ ਦੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਉਸ ਕੋਲ ਪੂਰੇ ਸਬੂਤ ਹਨ ਕਿ ਲੜਕੀ ਦਾ ਕਿਸ ਤਰ੍ਹਾਂ ਸ਼ੋਸ਼ਣ ਕੀਤਾ ਗਿਆ ਕਿਸ ਤਰ੍ਹਾਂ ਸ਼ੋਸ਼ਣ ਵਾਲੀ ਲੜਕੀ ਦੀ ਆਵਾਜ਼ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਗਈ।
ਉਹਨਾਂ ਇਹ ਦੋਸ਼ ਵੀ ਲਗਾਇਆ ਕਿ ਪੁਲਿਸ ਨੇ ਬਣਦੀ ਕਾਰਵਾਈ ਤਾਂ ਕੀ ਕਰਨੀ ਸੀ ਉਲਟਾ ਉਸਨੂੰ ( ਅੰਮ੍ਰਿਤਪਾਲ ਸਿੰਘ ਮਹਿਰੋਂ) ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਇਹ ਵੀ ਕਿਹਾ ਜਾ ਰਿਹਾ ਕਿ ਉਸ ਉੱਤੇ ਲੜਕੀ ਦੀ ਕਿਡਨੈਪਿੰਗ ਦਾ ਕੇਸ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਖੌਤੀ ਬਾਬੇ ਵੱਲੋਂ ਕੀਤੇ ਰੇਪ ਅਤੇ ਲੜਕੀ ਵੱਲੋਂ ਅਖੌਤੀ ਬਾਬੇ ਉੱਤੇ ਲਗਾਏ ਦੋਸ਼ ਦੇ ਸਾਰੇ ਸਬੂਤ ਹਨ। ਇਸ ਗੱਲ ਦੇ ਸਬੂਤ ਵੀ ਹਨ ਕਿ ਪੁਲਿਸ ਨੇ ਕਿਸ ਤਰ੍ਹਾਂ ਮਿਲੀਭੁਗਤ ਕੀਤੀ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਕੋਲ ਉਹ ਤਾਂ ਨਹੀਂ ਗਏ ਕਿਉਂਕਿ ਇੱਕ ਐਸਜੀਪੀਸੀ ਮੈਂਬਰ ਨੇ ਉਹਨਾਂ ਨੂੰ ਭਰੋਸਾ ਦਿੱਤਾ ਸੀ ਕਿ ਇਹ ਮਾਮਲਾ ਉਹ ਅਕਾਲ ਤਖਤ ਸਾਹਿਬ ‘ਤੇ ਉਠਾਉਣਗੇ। ਉਹਨਾਂ ਕਿਹਾ ਕਿ ਜਿੱਥੇ ਵੀ ਲੜਕੀਆਂ ਦਾ ਸ਼ੋਸ਼ਣ ਹੁੰਦਾ ਹੈ ਉਹ ਉਸਦੇ ਵਿਰੁੱਧ ਹਮੇਸ਼ਾ ਡਟਕੇ ਖੜਦੇ ਹਨ ਅਤੇ ਖੜਦੇ ਰਹਿਣਗੇ ਭਾਵੇਂ ਕਿ ਇਸ ਦੀ ਕੋਈ ਵੀ ਕੀਮਤ ਤਾਰਨੀ ਪੈ ਜਾਵੇ। ਉਹਨਾਂ ਇਹ ਚਿਤਾਵਨੀ ਵੀ ਦਿੱਤੀ ਕਿ ਜੇਕਰ ਪੁਲਿਸ ਉਸਨੂੰ ਗ੍ਰਿਫਤਾਰ ਕਰਨਾ ਚਾਹੇਗੀ ਤਾਂ ਇਸ ਦੇ ਸਿੱਟੇ ਮਾੜੇ ਨਿਕਲਣਗੇ।
ਚਲਦੀ ਪ੍ਰੈਸ ਕਾਨਫਰੰਸ ਵਿੱਚ ਭਾਵਕ ਹੋ ਕੇ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਤਿੰਨ ਚਾਰ ਵਾਰ ਰੋਣਾ ਵੀ ਆਇਆ।

Leave a Reply

Your email address will not be published. Required fields are marked *