ਆਯੁਸ਼ਮਾਨ ਲਾਭਪਾਤਰੀਆਂ ਦਾ ਮੁਫ਼ਤ ਇਲਾਜ ਬੰਦ, ਪੰਜਾਬ ਸਰਕਾਰ ਨੇ ਨਹੀਂ ਕੀਤੀ 600 ਕਰੋੜ ਰੁਪਏ ਦੀ ਅਦਾਇਗੀ
ਚੰਡੀਗੜ੍ਹ, 19 ਸਤੰਬਰ,ਆਯੁਸ਼ਮਾਨ ਲਾਭਪਾਤਰੀਆਂ ਨੂੰ ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਅਤੇ ਨਰਸਿੰਗ ਹੋਮਾਂ ਵਿੱਚ ਮੁਫ਼ਤ ਇਲਾਜ ਦੀ ਸਹੂਲਤ ਨਹੀਂ ਮਿਲੇਗੀ। ਇਹ ਘੋਸ਼ਣਾ ਪ੍ਰਾਈਵੇਟ ਹਸਪਤਾਲਾਂ ਅਤੇ ਨਰਸਿੰਗ ਹੋਮਜ਼ ਦੀ ਨੁਮਾਇੰਦਗੀ ਕਰਨ ਵਾਲੀ ਪ੍ਰਾਈਵੇਟ ਹਸਪਤਾਲ ਅਤੇ ਨਰਸਿੰਗ ਹੋਮ ਐਸੋਸੀਏਸ਼ਨ (ਫਾਨਾ) ਵੱਲੋਂ ਕੀਤੀ ਗਈ ਹੈ। ਐਸੋਸੀਏਸ਼ਨ ਨੇ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਸਾਰੀਆਂ ਕੈਸ਼ਲੈੱਸ ਸੇਵਾਵਾਂ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਦਾ ਕਾਰਨ ਇਹ ਹੈ ਕਿ ਸਰਕਾਰ ਵੱਲੋਂ ਐਸੋਸੀਏਸ਼ਨ ਨੂੰ 600 ਕਰੋੜ ਰੁਪਏ ਦੀ ਅਦਾਇਗੀ ਨਹੀਂ ਕੀਤੀ ਗਈ। ਡਾ.ਦਿਵੰਸ਼ੂ ਨੇ ਕਿਹਾ ਕਿ ਸਰਕਾਰ ਨੇ ਕਈ ਮਹੀਨਿਆਂ ਤੋਂ ਬਕਾਇਆ ਰਾਸ਼ੀ ਦੀ ਅਦਾਇਗੀ ਨਹੀਂ ਕੀਤੀ। ਪਿਛਲੇ ਛੇ ਮਹੀਨਿਆਂ ਤੋਂ ਲਗਭਗ 600 ਕਰੋੜ ਰੁਪਏ ਦੀ ਰਕਮ ਬਕਾਇਆ ਹੈ। ਬਕਾਇਆ ਨਾ ਮਿਲਣ ਕਾਰਨ ਐਸੋਸੀਏਸ਼ਨ ਕਰਜ਼ੇ ਵਿੱਚ ਡੁੱਬ ਰਹੀ ਹੈ। ਫਾਨਾ ਪੰਜਾਬ ਦੇ ਨੁਮਾਇੰਦਿਆਂ ਨੇ ਇਸ ਤੋਂ ਪਹਿਲਾਂ ਬਕਾਏ ਦੀ ਅਦਾਇਗੀ ਦੇ ਮਸਲਿਆਂ ਦੇ ਹੱਲ ਲਈ ਸਟੇਟ ਹੈਲਥ ਏਜੰਸੀ (ਐਸ.ਐੱਚ.ਏ.) ਪੰਜਾਬ ਦੇ ਸੀਈਓ ਅਤੇ ਸਿਹਤ ਮੰਤਰੀ ਨਾਲ ਗੱਲਬਾਤ ਵੀ ਕੀਤੀ ਸੀ। ਸਰਕਾਰ ਵੱਲੋਂ ਰਾਸ਼ੀ ਦੇਣ ਲਈ ਵਾਰ-ਵਾਰ ਸਿਰਫ਼ ਭਰੋਸਾ ਦਿੱਤਾ ਗਿਆ ਪਰ ਅਜੇ ਤੱਕ ਰਕਮ ਦੀ ਅਦਾਇਗੀ ਨਹੀਂ ਹੋਈ। ਇਸ ਲਈ, ਐਸੋਸੀਏਸ਼ਨ ਨੇ ਪ੍ਰਾਈਵੇਟ ਹਸਪਤਾਲਾਂ ਅਤੇ ਨਰਸਿੰਗ ਹੋਮਾਂ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਸਾਰੀਆਂ ਨਕਦ ਰਹਿਤ ਸੇਵਾਵਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।