ਰੇਲ ਗੱਡੀ ਦੇ 27 ਡੱਬੇ ਪਟੜੀ ਤੋਂ ਉਤਰੇ, ਟ੍ਰੇਨਾਂ ਦੀ ਆਵਾਜਾਈ ਪ੍ਰਭਾਵਿਤ
ਮਥੁਰਾ, 19 ਸਤੰਬਰ, ਬੋਲੇ ਪੰਜਾਬ ਬਿਊਰੋ
ਬੁੱਧਵਾਰ ਰਾਤ ਮਥੁਰਾ ਤੋਂ ਦਿੱਲੀ ਜਾ ਰਹੀ ਮਾਲ ਗੱਡੀ ਪਟੜੀ ਤੋਂ ਉਤਰ ਗਈ। ਇਹ ਹਾਦਸਾ ਮਥੁਰਾ ਵਿੱਚ ਪਿੱਲਰ ਨੰਬਰ 1408/14 ਨੇੜੇ ਵਾਪਰਿਆ। ਮਾਲ ਗੱਡੀ ਦੇ 59 ਵਿੱਚੋਂ 27 ਡੱਬੇ ਪਟੜੀ ਤੋਂ ਉਤਰ ਗਏ ਹਨ। ਸਟੇਸ਼ਨ ਡਾਇਰੈਕਟਰ ਮਥੁਰਾ ਜੰਕਸ਼ਨ ਐਸਕੇ ਸ੍ਰੀਵਾਸਤਵ ਨੇ ਵੀ ਹਾਦਸੇ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਫਿਲਹਾਲ ਟੀਮ ਰਵਾਨਾ ਹੋ ਗਈ ਹੈ। ਡੱਬੇ ਕਿਵੇਂ ਉਤਰੇ ਇਸ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਟ੍ਰੈਕ ‘ਤੇ ਕਈ ਟਰੇਨਾਂ ਦਾ ਸੰਚਾਲਨ ਵਿਘਨ ਪਿਆ ਹੈ।ਜਾਣਕਾਰੀ ਮੁਤਾਬਕ ਮਾਲ ਗੱਡੀ ਝਾਂਸੀ ਤੋਂ ਸੁੰਦਰਗੜ੍ਹ ਜਾ ਰਹੀ ਸੀ। ਮਾਲ ਗੱਡੀ ਕੋਲੇ ਨਾਲ ਲੱਦੀ ਹੋਈ ਸੀ। ਹਾਦਸੇ ਤੋਂ ਬਾਅਦ ਪਟੜੀ ‘ਤੇ ਕੋਲਾ ਫੈਲ ਗਿਆ। ਕੋਸੀਕਲਨ ਦੇ ਸਟੇਸ਼ਨ ਮੈਨੇਜਰ ਰਾਜੂ ਮੀਨਾ ਨੇ ਦੱਸਿਆ ਕਿ ਹਜ਼ਰਤ ਨਿਜ਼ਾਮੂਦੀਨ ਤੋਂ ਹੈਦਰਾਬਾਦ ਜਾਣ ਵਾਲੀ ਤੇਲੰਗਾਨਾ ਐਕਸਪ੍ਰੈੱਸ ਨੂੰ ਕੋਸੀਕਲਨ ਰੇਲਵੇ ਸਟੇਸ਼ਨ ਤੋਂ ਹਜ਼ਰਤ ਨਿਜ਼ਾਮੂਦੀਨ ਸਟੇਸ਼ਨ ਵੱਲ ਮੋੜ ਦਿੱਤਾ ਗਿਆ ਸੀ। ਹੁਣ ਤੇਲੰਗਾਨਾ ਐਕਸਪ੍ਰੈਸ ਬਦਲੇ ਹੋਏ ਰੂਟ ਰਾਹੀਂ ਹੈਦਰਾਬਾਦ ਜਾਵੇਗੀ।