ਰਾਹੁਲ ਗਾਂਧੀ ਵਿਰੁਧ ਵਿਵਾਦਪੂਰਨ ਬਿਆਨ ਦੇਣ ’ਤੇ ਭਾਜਪਾ ਦੇ ਰਾਜ ਸਭਾ ਮੈਂਬਰ ਅਨਿਲ ਬੋਂਡੇ ਉੱਤੇ ਕੇਸ ਦਰਜ
ਅਮਰਾਵਤੀ, 19 ਸਤੰਬਰ, ਬੋਲੇ ਪੰਜਾਬ ਬਿਊਰੋ
ਕਾਂਗਰਸ ਆਗੂ ਰਾਹੁਲ ਗਾਂਧੀ ਵਿਰੁਧ ਵਿਵਾਦਪੂਰਨ ਬਿਆਨ ਦੇਣ ਦੇ ਦੋਸ਼ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਜ ਸਭਾ ਮੈਂਬਰ ਅਨਿਲ ਬੋਂਡੇ ਵਿਰੁਧ ਬੁਧਵਾਰ ਨੂੰ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਹਾਲਾਂਕਿ ਬੌਂਡੇ ਅਪਣੇ ਸਟੈਂਡ ’ਤੇ ਕਾਇਮ ਹਨ। ਬੋਂਡੇ ਨੇ ਰਾਖਵਾਂਕਰਨ ਬਾਰੇ ਗਾਂਧੀ ਦੀ ਟਿਪਣੀ ਨੂੰ ‘ਖਤਰਨਾਕ’ ਕਹਿ ਕੇ ਅਤੇ ਉਨ੍ਹਾਂ ਦੀ ਜੀਭ ਕੱਟ ਦੇਣ ਦੀ ਗੱਲ ਕਹਿ ਕੇ ਵਿਵਾਦ ਪੈਦਾ ਕਰ ਦਿਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਰਾਖਵਾਂਕਰਨ ’ਤੇ ਰਾਹੁਲ ਗਾਂਧੀ ਦੇ ਬਿਆਨ ਨੇ ਬਹੁਜਨ ਅਤੇ ਬਹੁਗਿਣਤੀ ਭਾਈਚਾਰਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਐਫ.ਆਈ.ਆਰ. ’ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਜਪਾ ਸੰਸਦ ਮੈਂਬਰ ਨੇ ਬਾਅਦ ’ਚ ਨਾਗਪੁਰ ’ਚ ਕਿਹਾ ਕਿ ਇਸ ਦੀ ਬਜਾਏ ਰਾਹੁਲ ਗਾਂਧੀ ਵਿਰੁਧ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਭਾਰਤ ਦੇ 70 ਫੀ ਸਦੀ ਲੋਕਾਂ ਦੇ ਮਨ ’ਚ ਖਦਸ਼ਾ ਪੈਦਾ ਕਰ ਦਿਤਾ ਸੀ ਕਿ ਉਨ੍ਹਾਂ ਦਾ ਕੋਟਾ ਖੋਹਿਆ ਜਾ ਸਕਦਾ ਹੈ। ਬੋਂਡੇ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਨਾਲ ਸਬੰਧਤ ਭਾਜਪਾ ਵਰਕਰ ਥਾਣੇ ਜਾਣਗੇ ਅਤੇ ਇਹ ਮੰਗ ਕਰਨਗੇ। ਇਸ ਤੋਂ ਪਹਿਲਾਂ ਅਮਰਾਵਤੀ ਦੇ ਸੰਸਦ ਮੈਂਬਰ ਬਲਵੰਤ ਵਾਨਖੇੜੇ, ਵਿਧਾਇਕ ਯਸ਼ੋਮਤੀ ਠਾਕੁਰ, ਸਾਬਕਾ ਮੰਤਰੀ ਸੁਨੀਲ ਦੇਸ਼ਮੁਖ ਸਮੇਤ ਕਾਂਗਰਸੀ ਨੇਤਾਵਾਂ ਅਤੇ ਕਾਰਕੁੰਨਾਂ ਨੇ ਸ਼ਹਿਰ ਦੇ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਦਿਤਾ ਸੀ, ਜਿਸ ਤੋਂ ਬਾਅਦ ਬੋਂਡੇ ਵਿਰੁਧ ਐਫ.ਆਈ.ਆਰ. ਦਰਜ ਕੀਤੀ ਗਈ ਸੀ। ਅਮਰਾਵਤੀ ਦੇ ਰਾਜਾਪੀਠ ਥਾਣੇ ਵਿਚ ਉਸ ਦੇ ਵਿਰੁਧ ਧਾਰਾ 192 (ਦੰਗੇ ਭੜਕਾਉਣ ਦੇ ਇਰਾਦੇ ਨਾਲ ਜਾਣਬੁਝ ਕੇ ਭੜਕਾਉਣਾ), 351 (2) (ਅਪਰਾਧਕ ਤਾਕਤ ਪੈਦਾ ਕਰਨ ਦੇ ਇਰਾਦੇ ਨਾਲ ਕਿਸੇ ਹੋਰ ਵਿਅਕਤੀ ਨੂੰ ਸੱਟ ਪਹੁੰਚਾਉਣਾ) ਅਤੇ 356 (ਮਾਨਹਾਨੀ ਲਈ ਸਜ਼ਾ) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।