ਪੁਲਿਸ ਤੇ ਫਿਰੌਤੀਆਂ ਮੰਗਣ ਵਾਲੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਇੱਕ ਜਖ਼ਮੀ
ਤਰਨਤਾਰਨ, 19 ਸਤੰਬਰ, ਬੋਲੇ ਪੰਜਾਬ ਬਿਊਰੋ
ਤਰਨਤਾਰਨ ਜ਼ਿਲ੍ਹੇ ‘ਚ ਪੱਟੀ ਦੇ ਪਿੰਡ ਮੁੱਠਿਆਂ ਵਾਲੇ ਨੇੜੇ ਗੈਂਗਸਟਰਾਂ ਵੱਲੋਂ ਪੁਲਿਸ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਪੁਲਿਸ ਵੱਲੋਂ ਜਵਾਬੀ ਕਾਰਵਾਈ ’ਚ ਗੋਲੀ ਲੱਗਣ ਕਾਰਨ ਇੱਕ ਗੈਂਗਸਟਰ ਜ਼ਖ਼ਮੀ ਹੋ ਗਿਆ ਹੈ ਜਦਕਿ ਦੂਸਰੇ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।ਜ਼ਿਕਰਯੋਗ ਹੈ ਕਿ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਲੋਕਾਂ ਕੋਲੋਂ ਰੰਗਦਾਰੀਆਂ ਮੰਗੀਆਂ ਜਾ ਰਹੀਆਂ ਸਨ। ਜਿਸਦੀ ਪੜਤਾਲ ਕਰਨ ਤੋਂ ਬਾਅਦ ਪੁਲਿਸ ਵੱਲੋਂ ਕੁਝ ਗੈਂਗਸਟਰਾਂ ਖਿਲਾਫ ਮਾਮਲੇ ਵੀ ਦਰਜ ਕੀਤੇ ਗਏ ਸਨ। ਬੀਤੀ ਰਾਤ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕੀ ਦੋ ਗੈਂਗਸਟਰ ਬਾਈਕ ’ਤੇ ਸਵਾਰ ਹੋ ਕੇ ਜਾ ਰਹੇ ਹਨ।ਜਿਸ ’ਤੇ ਸੀਆਈਏ ਸਟਾਫ ਅਤੇ ਪੁਲਿਸ ਦੀਆਂ ਟੀਮਾਂ ਜਦ ਉਹਨਾਂ ਦਾ ਪਿੱਛਾ ਕਰ ਰਹੀਆਂ ਸਨ ਤਾਂ ਗੈਂਗਸਟਰਾਂ ਵੱਲੋਂ ਪੁਲਿਸ ’ਤੇ ਗੋਲੀਆਂ ਚਲਾਈਆਂ ਗਈਆਂ ਤਾਂ ਜਵਾਬੀ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਵੀ ਗੈਂਗਸਟਰਾਂ ’ਤੇ ਗੋਲੀਆਂ ਚਲਾਈਆਂ ਗਈਆਂ। ਜਿਸ ਵਿੱਚ ਇੱਕ ਵਿਅਕਤੀ ਦੇ ਗੋਲੀ ਲੱਗੀ ਹੈ ਜਦਕਿ ਦੂਸਰੇ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।ਇਹਨਾਂ ਵਿੱਚ ਦੋਵਾਂ ਬਦਮਾਸ਼ਾਂ ਦੀ ਪਹਿਚਾਣ ਪਵਨਦੀਪ ਅਤੇ ਕੋਮਲਦੀਪ ਦੇ ਰੂਪ ਵਿੱਚ ਹੋਈ ਜੋ ਕਿ ਪਿੰਡ ਭਿੱਖੀਵਿੰਡ ਤੇ ਖਾਲੜਾ ਦੇ ਰਹਿਣ ਵਾਲੇ ਹਨ।