ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਸਤੰਬਰ ਤੋਂ ਅਮਰੀਕਾ ਦੀ ਤਿੰਨ ਦਿਨਾਂ ਯਾਤਰਾ ’ਤੇ ਜਾਣਗੇ
ਨਵੀਂ ਦਿੱਲੀ, 18 ਸਤੰਬਰ,ਬੋਲੇ ਪੰਜਾਬ ਬਿਊਰੋ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਲਾਨਾ ‘ਕਵਾਡ’ ਸਿਖਰ ਸੰਮੇਲਨ ’ਚ ਹਿੱਸਾ ਲੈਣ ਅਤੇ ਸੰਯੁਕਤ ਰਾਸ਼ਟਰ ਮਹਾਸਭਾ ’ਚ ‘ਸੁਮਿਟ ਆਫ਼ ਫ਼ਿਊਚਰ’ ਨੂੰ ਸੰਬੋਧਨ ਕਰਨ ਲਈ 21 ਸਤੰਬਰ ਤੋਂ ਅਮਰੀਕਾ ਦੀ ਤਿੰਨ ਦਿਨਾਂ ਯਾਤਰਾ ’ਤੇ ਜਾਣਗੇ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਮੋਦੀ 22 ਸਤੰਬਰ ਨੂੰ ਨਿਊਯਾਰਕ ’ਚ ਭਾਰਤੀ ਭਾਈਚਾਰੇ ਨੂੰ ਵੀ ਸੰਬੋਧਨ ਕਰਨਗੇ।
ਪ੍ਰਧਾਨ ਮੰਤਰੀ ਦੀ ਯਾਤਰਾ ਦਾ ਐਲਾਨ ਕਰਦਿਆਂ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮੋਦੀ 21 ਸਤੰਬਰ ਨੂੰ ਡੇਲਾਵੇਅਰ ਦੇ ਵਿਲਮਿੰਗਟਨ ’ਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵਲੋਂ ਸੱਦੇ ‘ਕਵਾਡ ਲੀਡਰਜ਼ ਸਮਿਟ’ ’ਚ ਹਿੱਸਾ ਲੈਣਗੇ। ਇਸ ’ਚ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਉਨ੍ਹਾਂ ਦੇ ਜਾਪਾਨੀ ਹਮਰੁਤਬਾ ਫੂਮਿਓ ਕਿਸ਼ੀਦਾ ਵੀ ਸ਼ਾਮਲ ਹੋਣਗੇ।