ਅਮਰੀਕੀ ਅੰਬੈਸੀ ਦੀ ਸ਼ਿਕਾਇਤ ‘ਤੇ ਪੰਜਾਬ ਪੁਲਿਸ ਵੱਲੋਂ ਸੱਤ ਏਜੰਟਾਂ ਵਿਰੁੱਧ ਕੇਸ ਦਰਜ
ਲੁਧਿਆਣਾ, 18 ਸਤੰਬਰ, ਬੋਲੇ ਪੰਜਾਬ ਬਿਊਰੋ
ਯੂਐਸ ਅੰਬੈਸੀ ਦੀ ਸ਼ਿਕਾਇਤ ਤੋਂ ਬਾਅਦ ਲੁਧਿਆਣਾ ਪੁਲਿਸ ਵੱਲੋਂ ਯੂਐਸ ਵੀਜ਼ਾ ਬਿਨੈਕਾਰਾਂ ਨੂੰ ਜਾਅਲੀ ਸਟੂ਼ਡੈਂਟ ਵੀਜ਼ੇ ਅਤੇ ਬੈਂਕ ਸਟੇਟਮੈਂਟਾਂ ਦੇਣ ਵਾਲੇ ਰੈਕੇਟ ਦੇ ਮਾਮਲੇ ਵਿੱਚ ਸੱਤ ਏਜੰਟਾਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ।ਮੁਲਜ਼ਮ ਜਾਅਲੀ ਦਸਤਾਵੇਜ਼ ਜਾਰੀ ਕਰਨ ਲਈ ਮੋਟੀ ਰਕਮ ਲੈਂਦੇ ਅਤੇ ਬਿਨੈਕਾਰਾਂ ਨੂੰ ਉਨ੍ਹਾਂ ਦੇ ਯੂਐਸ ਵੀਜ਼ਾ ਅਰਜ਼ੀਆਂ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਦੇ ਖਾਤਿਆਂ ਵਿੱਚ ਵਧੇ ਹੋਏ ਬੈਂਕ ਬੈਲੰਸ ਦਿਖਾਉਣ ਵਿੱਚ ਸਹਾਇਤਾ ਕਰਦੇ ਸਨ।ਸੱਤ ਮੁਲਜ਼ਮਾਂ ਵਿੱਚੋਂ ਤਿੰਨ ਲੁਧਿਆਣਾ ਦੇ ਹਨ।ਖੇਤਰੀ ਸੁਰੱਖਿਆ ਦੇ ਇੱਕ ਵਿਦੇਸ਼ੀ ਅਪਰਾਧਿਕ ਜਾਂਚਕਰਤਾ ਐਰਿਕ ਸੀ ਮੋਲੀਟਰਸ ਦੀ ਸ਼ਿਕਾਇਤ ਤੋਂ ਬਾਅਦ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਗੌਰਵ ਯਾਦਵ ਦੇ ਹੁਕਮਾਂ ‘ਤੇ ਬਣਾਈ ਗਈ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੀ ਅਗਵਾਈ ਵਿੱਚ ਜਾਂਚ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ। ਮੁਲਜ਼ਮਾਂ ਵਿੱਚ ਅਮਨਦੀਪ ਸਿੰਘ ਵਾਸੀ ਪਿੰਡ ਛੱਤ ਜ਼ੀਰਕਪੁਰ, ਉਸ ਦੀ ਪਤਨੀ ਪੂਨਮ ਰਾਣੀ, ਸੈਂਟਰਲ ਗ੍ਰੀਨ ਲੁਧਿਆਣਾ ਦੇ ਅੰਕੁਰ ਕੋਹਾੜ, ਬਠਿੰਡਾ ਦੇ ਗੁਰੂ ਗੋਬਿੰਦ ਸਿੰਘ ਨਗਰ ਦੇ ਅਕਸ਼ੈ ਸ਼ਰਮਾ, ਮੁਹਾਲੀ ਦੇ ਕਮਲਜੋਤ ਕਾਂਸਲ (ਲੁਧਿਆਣਾ ਸਥਿਤ ਕੰਸਲਟੈਂਸੀ ਦੇ ਮਾਲਕ), ਫਰੈਂਡਜ਼ ਕਲੋਨੀ ਦੇ ਰੋਹਿਤ ਭੱਲਾ ਤੇ ਬਰਨਾਲਾ ਦੇ ਕੀਰਤੀ ਸੂਦ ਸ਼ਾਮਲ ਹਨ।ਸ਼ਿਕਾਇਤ ਵਿੱਚ ਖੁਲਾਸਾ ਹੋਇਆ ਹੈ ਕਿ ਵੀਜ਼ਾ ਸਲਾਹਕਾਰ ਰੈੱਡ ਲੀਫ ਇਮੀਗ੍ਰੇਸ਼ਨ ਅਤੇ ਓਵਰਸੀਜ਼ ਪਾਰਟਨਰ ਐਜੂਕੇਸ਼ਨ ਕੰਸਲਟੈਂਟ ਧੋਖਾਧੜੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸਨ। ਇਨ੍ਹਾਂ ਏਜੰਟਾਂ ‘ਤੇ ਅਮਰੀਕੀ ਦੂਤਾਵਾਸ ਅਤੇ ਸਰਕਾਰ ਨੂੰ ਧੋਖਾ ਦੇਣ ਲਈ ਅਮਰੀਕੀ ਵੀਜ਼ਾ ਅਰਜ਼ੀਆਂ ‘ਤੇ ਗਲਤ ਜਾਣਕਾਰੀ ਜਮ੍ਹਾਂ ਕਰਾਉਣ ਦਾ ਦੋਸ਼ ਸੀ।ਸ਼ਿਕਾਇਤ ਵਿੱਚ ਬਿਨੈਕਾਰਾਂ ਨਾਲ ਸਬੰਧਤ ਪੰਜ ਵਿਸ਼ੇਸ਼ ਮਾਮਲਿਆਂ ਨੂੰ ਉਜਾਗਰ ਕੀਤਾ ਗਿਆ ਸੀ-ਹਿਮਾਚਲ ਪ੍ਰਦੇਸ਼ ਦੀ ਸਿਮਰਨ ਠਾਕੁਰ, ਮਾਨਸਾ ਦੀ ਲਵਲੀ ਕੌਰ, ਜਗਰਾਓਂ ਦੀ ਹਰਵਿੰਦਰ ਕੌਰ, ਨਵਾਂਸ਼ਹਿਰ ਦੀ ਰਮਨੀਤ ਕੌਰ ਅਤੇ ਹਰਿਆਣਾ ਦੇ ਰਾਹੁਲ ਕੁਮਾਰ ਆਦਿ ਨੇ ਵਿਦਿਅਕ ਡਿਗਰੀਆਂ, ਕੰਮ ਦੇ ਤਜ਼ਰਬੇ ਦੇ ਸਰਟੀਫਿਕੇਟਾਂ, ਬੈਂਕ ਬੈਲੇਂਸ ਸਮੇਤ ਜਾਅਲੀ ਦਸਤਾਵੇਜ਼ ਪੇਸ਼ ਕੀਤੇ ਸਨ।