ਪੰਜਾਬ ਪੁਲਿਸ ਵੱਲੋਂ ਬੀਤੇ ਢਾਈ ਸਾਲਾਂ ਦੌਰਾਨ 5856 ਵੱਡੀਆਂ ਮੱਛੀਆਂ ਸਮੇਤ 39840 ਨਸ਼ਾ ਤਸਕਰ ਗ੍ਰਿਫਤਾਰ; 2546 ਕਿਲੋ ਹੈਰੋਇਨ ਬਰਾਮਦ

ਚੰਡੀਗੜ੍ਹ ਪੰਜਾਬ



ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ‘ਚੋਂ ਨਸ਼ਿਆਂ ਦੇ ਖਾਤਮੇ ਲਈ ਤਿੰਨ-ਨੁਕਾਤੀ ਰਣਨੀਤੀ ਅਪਣਾਈ

ਵਿਸ਼ੇਸ਼ ਮੁਹਿੰਮ ਤਹਿਤ 602 ਵੱਡੇ ਤਸਕਰਾਂ ਦੀਆਂ 324 ਕਰੋੜ ਰੁਪਏ ਦੀਆਂ ਜਾਇਦਾਦਾਂ ਕੀਤੀਆਂ ਜ਼ਬਤ

ਪੁਲਿਸ ਟੀਮਾਂ ਵੱਲੋਂ 16 ਮਾਰਚ, 2022 ਤੋਂ ਹੁਣ ਤੱਕ 30.83 ਕਰੋੜ ਰੁਪਏ ਡਰੱਗ ਮਨੀ, 2457 ਕਿਲੋ ਅਫੀਮ, 1156 ਕੁਇੰਟਲ ਭੁੱਕੀ ਅਤੇ 4.29 ਕਰੋੜ ਗੋਲੀਆਂ /ਕੈਪਸੂਲ/ਟੀਕੇ/ਸ਼ੀਸ਼ੀਆਂ ਬਰਾਮਦ

ਐਨ.ਡੀ.ਪੀ.ਐਸ. ਐਕਟ ਦੇ ਕੇਸਾਂ ਵਿੱਚ ਭਗੌੜੇ ਅਪਰਾਧੀਆਂ/ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੁਹਿੰਮ ਤਹਿਤ ਗ੍ਰਿਫ਼ਤਾਰ ਵਿਅਕਤੀਆਂ ਦੀ ਗਿਣਤੀ 2378 ਤੱਕ ਪੁੱਜੀ

ਪੰਜਾਬ ਪੁਲਿਸ ਨੇ 16 ਮਾਰਚ, 2022 ਤੋਂ ਹੁਣ ਤੱਕ 272 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਕੇ 45 ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ

ਏਜੀਟੀਐਫ ਨੇ ਹੁਣ ਤੱਕ 1420 ਗੈਂਗਸਟਰਾਂ/ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ 12 ਨੂੰ ਮਾਰ ਮੁਕਾਇਆ ; 1337 ਹਥਿਆਰ ਕੀਤੇ ਬਰਾਮਦ

ਇਸ ਸਾਲ 628 ਕਿਲੋ ਹੈਰੋਇਨ, 796 ਕਿਲੋ ਅਫੀਮ, 10.32 ਕਰੋੜ ਰੁਪਏ ਡਰੱਗ ਮਨੀ ਸਮੇਤ 8789 ਨਸ਼ਾ ਤਸਕਰ/ਸਪਲਾਇਰ ਫੜੇ

ਚੰਡੀਗੜ੍ਹ, 16 ਸਤੰਬਰ, ਬੋਲੇ ਪੰਜਾਬ ਬਿਊਰੋ :

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸੂਬੇ ‘ਚੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਵਿੱਢੀ ਗਈ ਨਸ਼ਿਆਂ ਵਿਰੁੱਧ ਫੈਸਲਾਕੁੰਨ ਜੰਗ ਦੇ ਢਾਈ ਸਾਲ ਪੂਰੇ ਹੋਣ ‘ਤੇ ਪੰਜਾਬ ਪੁਲਸ ਨੇ 16 ਮਾਰਚ, 2022 ਤੋਂ ਹੁਣ ਤੱਕ 5856 ਵੱਡੀਆਂ ਮੱਛੀਆਂ ਸਮੇਤ 39840 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 3581 ਵਪਾਰਕ ਐਫਆਈਆਰਜ਼ ਸਮੇਤ ਕੁੱਲ 29152 ਐਫਆਈਆਰਜ਼ ਦਰਜ ਕੀਤੀਆਂ ਹਨ।
ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ, ਜੋ ਅੱਜ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਸੂਬੇ ਭਰ ਵਿੱਚ ਸੰਵੇਦਨਸ਼ੀਲ ਰੂਟਾਂ ‘ਤੇ ਨਾਕੇ ਲਗਾਉਣ ਦੇ ਨਾਲ ਨਾਲ ਸੂਬੇ ਭਰ ਦੇ ਨਸ਼ਾ ਪ੍ਰਭਾਵਿਤ ਇਲਾਕਿਆਂ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾ ਕੇ 2546 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਵੱਡੀ ਮਾਤਰਾ ਵਿੱਚ ਹੈਰੋਇਨ ਜ਼ਬਤ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਸੂਬੇ ਭਰ ਵਿੱਚੋਂ 2457 ਕਿਲੋ ਅਫੀਮ, 1156 ਕੁਇੰਟਲ ਭੁੱਕੀ ਅਤੇ ਫਾਰਮਾ ਓਪੀਔਡਜ਼ ਦੀਆਂ 4.29 ਕਰੋੜ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਵੀ ਬਰਾਮਦ ਕੀਤੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਪੁਲੀਸ ਨੇ ਪਿਛਲੇ ਢਾਈ ਸਾਲਾਂ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਵਿੱਚੋਂ 30.83 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ।
ਆਈਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਇਨ੍ਹਾਂ ਢਾਈ ਸਾਲਾਂ ਦੌਰਾਨ ਵੱਡੇ ਤਸਕਰਾਂ ਦੀਆਂ 324.28 ਕਰੋੜ ਰੁਪਏ ਦੀਆਂ 602 ਜਾਇਦਾਦਾਂ ਜ਼ਬਤ ਕੀਤੀਆਂ ਹਨ, ਜਦਕਿ 103.50 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਫ੍ਰੀਜ਼ ਕਰਨ ਸਬੰਧੀ 192 ਕੇਸ ਪ੍ਰਵਾਨਗੀ ਹਿੱਤ ਸਮਰੱਥ ਅਥਾਰਟੀ ਕੋਲ ਵਿਚਾਰ ਅਧੀਨ ਹਨ।
ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਤਿੰਨ ਪੱਖੀ ਰਣਨੀਤੀ— ਇੰਫੋਰਸਮੈਂਟ, ਰੋਕਥਾਮ ਅਤੇ ਮੁੜ ਵਸੇਬਾ—  ਲਾਗੂ ਕੀਤੀ ਗਈ ਹੈ। ਇਸ ਰਣਨੀਤੀ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਐਨਡੀਪੀਐਸ ਐਕਟ ਦੀ ਧਾਰਾ 64 ਏ, ਜੋ ਕੁਝ ਗ੍ਰਾਮ ਹੈਰੋਇਨ ਜਾਂ ਨਸ਼ੀਲੇ ਪਾਊਡਰ ਸਮੇਤ ਫੜੇ ਗਏ ਨਸ਼ੀਲੇ ਪਦਾਰਥਾਂ ਦੇ ਆਦੀ ਨੂੰ ਮੁੜ ਵਸੇਬੇ ਲਈ ਮੌਕਾ ਪ੍ਰਦਾਨ ਕਰਦੀ ਹੈ, ਬਾਰੇ ਪ੍ਰਚਾਰ ਅਤੇ ਜਾਗਰੂਕਤਾ ਪੈਦਾ ਕਰ ਰਹੀ ਹੈ।
ਆਈਜੀਪੀ ਨੇ ਕਿਹਾ ਕਿ 245 ਮਾਮਲਿਆਂ ਵਿੱਚ ਥੋੜੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਸਮੇਤ ਫੜੇ ਗਏ 295 ਨਸ਼ੇ ਦੇ ਆਦੀਆਂ ਨੇ ਮੁੜ ਵਸੇਬਾ ਇਲਾਜ ਕਰਵਾਉਣ ਦਾ ਵਾਅਦਾ ਕਰਕੇ ਐਨਡੀਪੀਐਸ ਦੀ ਧਾਰਾ 64-ਏ ਦਾ ਲਾਭ ਉਠਾਇਆ ਹੈ।
ਉਨ੍ਹਾਂ ਕਿਹਾ ਕਿ ਐਨਡੀਪੀਐਸ ਕੇਸਾਂ ਵਿੱਚ ਪੀਓਜ਼/ਭਗੌੜਿਆਂ ਨੂੰ ਗ੍ਰਿਫਤਾਰ ਕਰਨ ਲਈ ਵਿੱਢੀ ਵਿਸ਼ੇਸ਼ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ 16 ਮਾਰਚ, 2022 ਤੋਂ ਹੁਣ ਤੱਕ 2378 ਪੀਓਜ਼/ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਗੈਂਗਸਟਰਾਂ ਵਿਰੁੱਧ ਕਾਰਵਾਈਆਂ ਦੌਰਾਨ ਪੰਜਾਬ ਪੁਲਿਸ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ, ਆਈਜੀਪੀ ਨੇ ਕਿਹਾ ਕਿ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਫੀਲਡ ਯੂਨਿਟਾਂ ਨਾਲ ਮਿਲ ਕੇ 1420 ਗੈਂਗਸਟਰਾਂ/ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਕੇ ਅਤੇ 12 ਗੈਂਗਸਟਰਾਂ/ਅਪਰਾਧੀਆਂ ਨੂੰ ਮਾਰ ਕੇ 508 ਗੈਂਗਸਟਰਾਂ/ਅਪਰਾਧੀ ਮਾਡਿਊਲ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਉਨ੍ਹਾਂ ਦੇ ਕਬਜੇ ਵਿੱਚੋਂ 1337 ਹਥਿਆਰ, ਅਪਰਾਧਿਕ ਗਤੀਵਿਧੀਆਂ ਵਿੱਚ ਵਰਤੇ ਗਏ 294 ਵਾਹਨ, 56.7 ਕਿਲੋਗ੍ਰਾਮ ਹੈਰੋਇਨ ਅਤੇ 4.05 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
ਆਈਜੀਪੀ ਨੇ ਅੱਤਵਾਦੀਆਂ ਵਿਰੁੱਧ ਕਾਰਵਾਈ ਬਾਰੇ ਵੇਰਵੇ ਦਿੰਦਿਆਂ ਕਿਹਾ ਕਿ ਅੰਦਰੂਨੀ ਸੁਰੱਖਿਆ ਵਿੰਗ ਨੇ 272 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਕੇ 45 ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ ਅਤੇ ਉਨ੍ਹਾਂ ਕੋਲੋਂ 34 ਰਾਈਫਲਾਂ, 303 ਰਿਵਾਲਵਰ/ਪਿਸਤੌਲ, 14 ਹੈਂਡ ਗ੍ਰਨੇਡ ਅਤੇ 290 ਡਰੋਨ ਬਰਾਮਦ ਕੀਤੇ ਹਨ।
ਉਨ੍ਹਾਂ ਕਿਹਾ ਕਿ ਜੇਲ੍ਹਾਂ ਅੰਦਰ ਮੋਬਾਈਲ ਫ਼ੋਨਾਂ ਦੀ ਵਰਤੋਂ ਵਿਰੁੱਧ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ 1663 ਆਈਐਮਈਆਈ ਨੰਬਰਾਂ ਨੂੰ ਬਲੈਕਲਿਸਟ ਅਤੇ 475 ਮੋਬਾਈਲ ਨੰਬਰਾਂ ਨੂੰ ਬਲਾਕ ਕਰ ਦਿੱਤਾ ਹੈ। ਇਸ ਤੋਂ ਇਲਾਵਾ ਗੈਂਗਸਟਰਾਂ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਘੱਟੋ-ਘੱਟ 6500 ਸੋਸ਼ਲ ਮੀਡੀਆ ਅਕਾਊਂਟਸ ਨੂੰ ਬਲਾਕ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਮੁਹਿੰਮ ਦੌਰਾਨ ਮੌਜੂਦਾ ਸਾਲ ਵਿੱਚ ਕੀਤੀਆਂ ਕਾਰਵਾਈਆਂ ਬਾਰੇ ਜਾਣਕਾਰੀ ਦਿੰਦੇ ਹੋਏ, ਆਈਜੀਪੀ ਨੇ ਕਿਹਾ ਕਿ 1 ਜਨਵਰੀ, 2024 ਤੋਂ, ਪੁਲਿਸ ਨੇ 825 ਵਪਾਰਕ ਐਫਆਈਆਰਜ਼ ਸਮੇਤ 6439 ਐਫਆਈਆਰਜ਼ ਦਰਜ ਕਰਕੇ 8789 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ 628 ਕਿਲੋਗ੍ਰਾਮ ਹੈਰੋਇਨ, 796 ਕਿਲੋਗ੍ਰਾਮ ਅਫੀਮ, 324 ਕੁਇੰਟਲ ਭੁੱਕੀ, ਅਤੇ ਫਾਰਮਾ ਓਪੀਔਡਜ਼ ਦੀਆਂ 2.83 ਕਰੋੜ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਤੋਂ ਇਲਾਵਾ 10.32 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।

—————–

Leave a Reply

Your email address will not be published. Required fields are marked *