ਮੁਲਾਜ਼ਮਾਂ ਨੇ ਕਿਹਾ ਨਹੀਂ ਮਨਜ਼ੂਰ UPS, NPS, ਸਿਰਫ OPS
ਚੰਡੀਗੜ੍ਹ, 16 ਸਤੰਬਰ, ਬੋਲੇ ਪੰਜਾਬ ਬਿਊਰੋ :
ਦੇਸ਼ ਭਰ ਦੇ 91 ਲੱਖ ਕਰਮਚਾਰੀ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀ ਜੱਥੇਬੰਦੀ ਆਲ ਇੰਡੀਆ ਐਨਪੀਐਸ ਇੰਪਲਾਈਜ਼ ਫੈਡਰੇਸ਼ਨ ਵੱਲੋਂ ਰਾਸ਼ਟਰ ਵਿਆਪੀ ਅੰਦੋਲਨ ਕੀਤਾ ਜਾ ਰਿਹਾ ਹੈ। ਨੈਸ਼ਨਲ ਮਿਸ਼ਨ ਫਾਰ ਓਲਡ ਪੈਨਸ਼ਨ ਸਕੀਮ ਭਾਰਤ ਵੱਲੋਂ ਦਿੱਲੀ ਵਿੱਚ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ। ਦਿੱਲੀ ਵਿੱਚ ਕੀਤੀ ਜਾਣ ਵਾਲੀ ਰੈਲੀ ਵਿੱਚ ਦੇਸ਼ ਭਰ ਤੋਂ 90 ਲੱਖ ਤੋਂ ਜ਼ਿਆਦਾ ਕੇਂਦਰੀ ਅਤੇ ਰਾਜ ਸਰਕਾਰ ਦੇ ਕਰਮਚਾਰੀ ਸੰਗਠਨਾਂ ਨੇ ਇਕ ਸਾਥ ਐਨਪੀਐਸ ਤੇ ਯੂਪੀਐਸ ਖਿਲਾਫ ਪ੍ਰਧਾਨ ਮੰਤਰੀ ਤੱਕ ਆਪਣੀ ਗੱਲ ਮਜ਼ਬੂਤੀ ਨਾਲ ਪਹੁੰਚਾਉਣ ਲਈ 17 ਨਵੰਬਰ ਨੂੰ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ ਹੈ।ਇਸ ਰੈਲੀ ਵਿੱਚ ਉਤਰ ਪ੍ਰਦੇਸ਼, ਉਤਰਾਖੰਡ, ਮੱਧ ਪ੍ਰਦੇਸ਼, ਛਤੀਸਗੜ੍ਹ, ਜੰਮੂ ਕਸ਼ਮੀਰ, ਪੰਜਾਬ, ਚੰਡੀਗੜ੍ਹ, ਮਹਾਰਾਸ਼ਟਰ, ਉੜੀਸਾ, ਤਮਿਲਨਾਡੂ, ਪੁਡੂਚੇਰੀ, ਅਸਾਮ, ਅਰੁਣਚਾਲ ਪ੍ਰਦੇਸ਼, ਸਿਕਮ, ਮੇਘਾਲਿਆ, ਮਿਜੋਰਮ, ਨਾਗਾਲੈਂਡ ਦੇ ਨਾਲ ਨਾਲ ਕੇਂਦਰੀ ਵਿਭਾਗਾਂ ਆਡਿਟ, ਰੇਲਵੇ, ਪੀਡਬਲਿਊਡੀ, ਡਿਪਲੋਮਾ ਇੰਜਨੀਅਰਜ਼, ਯੂਨੀਵਰਸਿਟੀ, ਕੇਂਦਰੀ ਸਕੂਲ, ਨਵੋਦਿਆ ਵਿਦਿਆਲਿਆ, ਪੈਰਾਮੈਡੀਕਲ ਏਲਾਈਡ ਨਰਸ ਸੰਗਠਨ, ਅਧਿਆਪਕ ਸੰਘ ਆਦਿ ਜੱਥੇਬੀਆਂ ਸ਼ਾਮਲ ਹਨ। ਆਲ ਇੰਡੀਆ ਐਨਪੀਐਸ ਇੰਪਲਾਈਜ਼ ਫੈਡਰੇਸ਼ਨ ਦੇ ਪੰਜਾਬ ਆਗੂ ਪ੍ਰਭਦੀਪ ਸਿੰਘ ਬੋਪਾਰਾਏ ਨੇ ਦੱਸਿਆ ਕਿ ਇਸ ਅੰਦੋਲਨ ਵਿੱਚ ਪੰਜਾਬ ਵਿੱਚੋਂ ਸੈਕੜੇ ਕਰਮਚਾਰੀ ਦਿੱਲੀ ਰੈਲੀ ਵਿੱਚ ਸ਼ਮੂਲੀਅਤ ਕਰਨਗੇ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਨੇ 2 ਸਾਲ ਪਹਿਲਾਂ ਪੁਰਾਣੀ ਪੈਨਸ਼ਨ ਬਹਾਲੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਪ੍ਰੰਤੂ ਅੱਜ ਤੱਕ ਉਸ ਉਤੇ ਕੋਈ ਕਾਰਵਾਈ ਨਹੀਂ ਹੋਈ, ਜੇਕਰ ਛੇਤੀ ਹੀ ਪੁਰਾਣੀ ਪੈਨਸ਼ਨ ਬਹਾਲੀ ਦਾ ਫੈਸਲਾ ਨਾ ਲਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਨੂੰ ਵੀ ਵੱਡੇ ਅੰਦੋਲਨ ਦਾ ਸਾਹਮਣਾ ਕਰਨਾ ਪਵੇਗਾ।