ਤੇਰਾ ਆਉਣਾ ਨੀ..ਸਮੁੰਦਰਾਂ ਦੀ ਛੱਲ ਵਰਗਾ !

ਸਾਹਿਤ ਚੰਡੀਗੜ੍ਹ ਪੰਜਾਬ

ਤੇਰਾ ਆਉਣਾ ਨੀ..ਸਮੁੰਦਰਾਂ ਦੀ ਛੱਲ ਵਰਗਾ !

   ਸਮਾਜ ,ਜ਼ਿੰਦਗੀ ਤੇ ਸਮੁੰਦਰ ਸਦਾ ਹੀ ਸਮਾਨਾਂਤਰ ਚੱਲਦੇ ਹਨ । ਇਨ੍ਹਾਂ ਦਾ ਆਪਸ ਵਿੱਚ  ਰਿਸ਼ਤਾ ਵੀ ਹੈ ਤੇ ਦੁਸ਼ਮਣੀ  ਵੀ । ਹਰ ਮਨੁੱਖ ਦਾ ਆਪੋ ਆਪਣਾ ਸਮਾਜ  ਹੁੰਦਾ ਹੈ। ਇਸ ਆਪੋ ਆਪਣੇ ਸਮਾਜ ਦਾ ਹੀ ਇੱਕ ਸਾਂਝਾ ਸਮਾਜ ਹੁੰਦਾ ਹੈ । ਇਸਦੀ ਬਣਤਰ ਵੀ ਰਿਸ਼ਤਿਆਂ  ਦੇ ਨਾਲ ਵੱਡੀ  ਛੋਟੀ ਹੁੰਦੀ ਰਹਿੰਦੀ  ਹੈ । ਜਿਵੇਂ ਸਮੁੰਦਰ ਸਦਾ ਇਕ ਵਹਾਅ ਵਿੱਚ ਨਹੀਂ ਵਗਦਾ, ਇਸੇ ਹੀ ਤਰ੍ਹਾਂ  ਜ਼ਿੰਦਗੀ ਦਾ ਪੱਧਰ  ਵੀ ਇਕ ਨਹੀਂ ਰਹਿੰਦਾ । ਕਦੇ ਧੁੱਪ ਤੇ ਕਦੇ ਛਾਂ ਹੁੰਦੀ  ਰਹਿੰਦੀ ਹੈ । ਜ਼ਿੰਦਗੀ  ਦੇ ਵਿੱਚ  ਕੋਈ ਅਸਮਾਨ ਵਾਂਗੂੰ ਤੇ ਕੋਈ ਸਮੁੰਦਰਾਂ ਦੀ ਛੱਲ ਵਾਂਗੂੰ ਆਉਦਾ ਹੈ । ਸਮੁੰਦਰਾਂ ਦੀਆਂ ਛੱਲਾਂ ਨੂੰ  ਦੇਖਿਆ ਜਾ ਸਕਦਾ ਹੈ , ਉਨ੍ਹਾਂ ਦੀ ਤੋਰ ਤੇ ਤਾਕਤ  ਨੂੰ  ਨਾਪਿਆ ਨਹੀਂ ਜਾ ਸਕਦਾ, ਸਿਰਫ਼  ਮਹਿਸੂਸ  ਕੀਤਾ  ਜਾ ਸਕਦਾ ਹੈ । ਜਿਵੇਂ  ਗੁਲਾਬ ਦੇ ਫੁੱਲਾਂ  ਦੀ ਮਹਿਕ ਦਾ ਆਨੰਦ ਲਿਆ  ਜਾ ਸਕਦਾ ਹੈ ਪਰ ਉਹ ਮਹਿਕ ਨੂੰ ਕਲਾਵੇ ਵਿੱਚ  ਲੈ ਕੇ ਸੰਭਾਲਿਆ ਨਹੀਂ  ਜਾ ਸਕਦਾ। ਮਨੁੱਖੀ  ਜ਼ਿੰਦਗੀ ਦੇ ਹਰ ਮੋਰਚੇ  ਉਤੇ ਕੋਈ  ਧਰਤੀ ਬਣ ਮਿਲਦਾ ਹੈ ਤੇ ਕੋਈ  ਅੰਬਰ ਵਾਂਗੂੰ ਛਾ ਜਾਂਦਾ  ਹੈ । ਜਦ ਕਦੇ ਅਚਾਨਕ  ਸਮੁੰਦਰ  ਕਿਨਾਰੇ ਖੜ੍ਹੇ  ਕੋਈ ਸਮੁੰਦਰੀ ਛੱਲ ਤੁਹਾਡੇ ਵਿੱਚ ਲੱਗਦੀ ਹੈ ਤਾਂ ਉਸਨੂੰ ਫੜ ਕੇ ਰੱਖਣਾ ਤੇ ਸੰਭਾਲਣਾ ਮੁਸ਼ਕਿਲ  ਹੁੰਦਾ  ਹੈ । ਦੁੱਧ ਦੇ ਉਬਾਲ ਵਰਗੇ ਪਲਾਂ ਦਾ ਆਨੰਦ ਤਾਂ ਮਹਿਸੂਸ ਹੋ ਸਕਦਾ ਪਰ ਉਹਨਾਂ ਨੂੰ ਸਦਾ ਲਈ ਕੋਲ ਨਹੀਂ  ਰੱਖਿਆ ਜਾ ਸਕਦਾ।

ਨਦੀ ਜਦ ਦਰਿਆ ਸੰਗ ਮਿਲ ਕੇ ਸਮੁੰਦਰ ਤੱਕ ਪੁੱਜਦੀ ਤਾਂ ਹੋਰ ਵੀ ਵਿਸ਼ਾਲ ਹੋ ਜਾਂਦੀ ਹੈ । ਬਹੁਤਿਆਂ ਨੂੰ ਭਰਮ ਹੁੰਦਾ ਹੈ ਕਿ ਦਰਿਆ ਸਮੁੰਦਰ ਵਿੱਚ ਜਾ ਕੇ ਮਰ ਜਾਂਦਾ ਹੈ ਪਰ ਉਹ ਨਹੀਂ ਜਾਣਦੇ ਪਾਣੀ ਸੰਗ ਪਾਣੀ ਮਿਲ ਕੇ ਹੋਰ ਵੱਡਾ ਹੋ ਜਾਂਦਾ ਹੈ ।
ਜ਼ਿੰਦਗੀ ਦੇ ਵਿੱਚ ਸਮੁੰਦਰਾਂ ਦੀਆਂ ਛੱਲਾਂ ਨੂੰ ਸਦਾ ਆਪਣੀ ਬੁੱਕਲ ਸੰਭਾਲ ਕੇ ਰੱਖਣ ਦਾ ਭਰਮ ਪਾਲਣ ਵਾਲੇ ਉਦਾਸੀ ਦੀ ਗੁਫਾਵਾਂ ਦੇ ਵਿੱਚ ਬਹਿ ਕੇ ਨਿਰਾਸ਼ਾ ਦੇ ਗ਼ਮ ਵਿੱਚ ਡੁੱਬ ਜਾਂਦੇ ਹਨ । ਦਰਿਆਵਾਂ ਤੇ ਨਦੀਆਂ ਦਾ ਮਿਲਣਾ ਤੇ ਵਿਛੜਣਾ ਕੁਦਰਤੀ ਵਰਤਾਰਾ ਹੈ । ਕਿਸੇ ਖੁਸ਼ਬੂ ਨੂੰ ਸਦਾ ਲਈ ਯਾਦਾਂ ਵਿੱਚ ਤਾਂ ਸੰਭਾਲਿਆ ਜਾ ਸਕਦਾ ਹੈ ਪਰ ਡੱਬੀ ਵਿੱਚ ਬੰਦ ਕਰਕੇ ਨਹੀਂ ਰੱਖਿਆ ਜਾ ਸਕਦਾ । ਨਦੀ ਵਿੱਚ ਤੈਰਨਾ ਤਾਂ ਉਨ੍ਹਾਂ ਨੂੰ ਹੀ ਆਉਦਾ ਹੈ ਜਿਹੜੇ ਨਦੀ ਦੀ ਤਾਸੀਰ ਨੂੰ ਜਾਣਦੇ, ਪਹਿਚਾਣ ਦੇ ਤੇ ਮਹਿਸੂਸ ਕਰਨ ਦੇ ਯੋਗ ਹੁੰਦੇ ਹਨ । ਅਕਸਰ ਹੀ ਨਦੀਆਂ ਹੱਥਾਂ ਵਿੱਚੋਂ ਤੋਤਿਆਂ ਵਾਂਗੂੰ ਉਡ ਜਾਂਦੀਆਂ ਹਨ । ਕਦੇ ਦਰਿਆ ਤੇ ਕਦੇ ਨਦੀਆਂ ਹੱਥ ਮਲਦੀਆਂ ਹੀ ਰਹਿ ਜਾਂਦੀਆਂ ਹਨ । ਨਦੀਆਂ ਦਾ ਨੀਰ ਦਰਿਆਵਾਂ ਦੇ ਦੁੱਖ ਤੇ ਗ਼ਮ ਧੋਂਦਾ ਹੈ । ਜ਼ਿੰਦਗੀ ਕਦੇ ਕੱਸੀ, ਕਦੇ ਨਦੀ, ਕਦੇ ਦਰਿਆ ਤੇ ਕਦੇ ਸਮੁੰਦਰ ਬਣਦੀ ਹੈ । ਮਨੁੱਖ ਨੇ ਫੈਸਲਾ ਕਰਨਾ ਹੈ ਕਿ ਉਸਨੇ ਕਿਥੇ ਵਸਣਾ ਹੈ । ਕਿਸੇ ਦਿਲ ਵਿੱਚ ਵਸ ਜਾਣਾ ਸੌਖਾ ਨਹੀਂ ਹੁੰਦਾ ਤੇ ਇਹ ਅੌਖਾ ਵੀ ਨਹੀਂ ਹੁੰਦਾ। ਬਸ ਆਪਣੀ ਮੈਂ ਨੂੰ ਚੁੱਪ ਨੂੰ ਕਾਬੂ ਵਿੱਚ ਰੱਖਣਾ ਹੁੰਦਾ ਹੈ ।ਜਦੋਂ ਤੱਕ ਮਨੁੱਖ ਦੇ ਅੰਦਰ ਮੈਂ ਸੱਪ ਦੇ ਫਣ ਵਾਂਗੂੰ ਤਣੀ ਰਹਿੰਦੀ ਹੈ ਤਾਂ ਨਦੀ ਹੱਥਾਂ ਵਿੱਚੋ ਤਿਲਕ ਜਾਂਦੀ ਹੈ । ਜਦੋਂ ਕਿਸੇ ਦਰਿਆ ਨੂੰ ਜਾਂ ਫਿਰ ਨਦੀ ਨੂੰ ਕੋਈ ਦਰਿਆ ਮਿਲ ਜਾਵੇ ਤੇ ਦੋਵੇਂ ਹੀ ਪਿਛੋਕੜ ਭੁੱਲ ਜਾਂਦੇ ਹਨ । ਨਦੀਆਂ ਅਕਸਰ ਦਰਿਆਵਾਂ ਵਿੱਚ ਤਰਦੀਆਂ ਹਨ । ਦਰਿਆਵਾਂ ਦਾ ਵਗਦੇ ਰਹਿਣਾ ਹੀ ਉਨ੍ਹਾਂ ਦੇ ਜਿਉਦੇ ਹੋਣ ਦਾ ਪ੍ਰਮਾਣ ਹੁੰਦਾ ਹੈ । ਕਦੀ ਦਰਿਆ ਨਦੀਆਂ ਦੇ ਵਿਯੋਗ ਵਿੱਚ ਥਲ ਬਣ ਜਾਂਦਾ ਹੈ ਤੇ ਕਦੇ ਨਦੀ ਦਰਿਆ ਦੇ ਗ਼ਮ ਵਿੱਚ ਸੁੱਕ ਕੇ ਤਵੀਜ਼ ਬਣ ਜਾਂਦੀ ਹੈ । ਬਹੁਤ ਘੱਟ ਹੁੰਦੇ ਹਨ ਜੋ ਯਾਦਾਂ ਨੂੰ ਯਾਦਗਾਰੀ ਬਣਾ ਕੇ ਵਗਦੇ ਰਹਿੰਦੇ ਹਨ । ਦਰਿਆਵਾਂ ਦੇ ਸੋਮੇ ਸੁੱਕਣ ਕਰਕੇ ਨਦੀਆਂ ਵਗਦੇ ਰਹਿਣ ਲਈ ਹੋਰਨਾਂ ਦਰਿਆਵਾਂ ਦੇ ਨਾਲ ਮਿਲ ਕੇ ਫੇਰ ਜਦ ਪਰਤਦੀਆਂ ਹਨ ਤਾਂ ਉਨ੍ਹਾਂ ਦੀਆਂ ਅੱਖਾਂ ਨਹੀਂ ਮਿਲਦੀਆਂ । ਦਰਿਆਵਾਂ ਤੇ ਨਦੀਆਂ ਦੇ ਪਾਣੀ ਗੰਦਲੇ ਹੋ ਗਏ ਹਨ । ਦਰਿਆ ਆਪਣਾ ਸੁਭਾਅ ਤੇ ਪਿਛੋਕੜ ਭੁੱਲ ਗਏ । ਨਦੀਆਂ ਆਪਣੀ ਤੋਰ ਭੁੱਲ ਗਈਆਂ ਹਨ । ਹੁਣ ਕੋਈ ਸਮੁੰਦਰਾਂ ਦੀ ਛੱਲ ਵਾਂਗੂੰ ਨਹੀਂ ਸਗੋਂ ਟਕੇ ਬਣ ਮਿਲਦਾ ਹੈ । ਹੁਣ ਨਦੀਆਂ ਦਾ ਮੁੱਲ ਪੈਦਾ ਹੈ ਦਰਿਆ ਵਿਕਦੇ ਹਨ । ਵਿਕਿਆ ਦਰਿਆ ਤੇ ਨਦੀਆਂ ਦਾ ਪਾਣੀ ਹੁਣ ਹੋਰਨਾਂ ਦੇ ਖੇਤਾਂ ਨੂੰ ਸਿੰਜਦਾ ਹੈ । ਹੁਣ ਦਰਿਆ ਤੇ ਨਦੀਆਂ ਇੱਕ ਵੱਲ ਨਹੀਂ ਸਗੋਂ ਉਲਟ ਵਗਣ ਲੱਗੇ ਹਨ । ਹਵਾ ਦਰਿਆਵਾਂ ਤੇ ਨਦੀਆਂ ਦਾ ਵਹਾਅ ਦੇਖ ਦੇਖ ਰੁੱਖਾਂ ਦੇ ਗਲ ਲੱਗ ਰੋੰਦੀ ਹੈ। ਨਿੱਤ ਸੁਕ ਰਹੇ ਦਰਿਆਵਾਂ ਨੂੰ ਬਚਾਉਣ ਦੇ ਲਈ ਕਦੇ ਬੱਦਲਾਂ ਵੱਲ ਜਾਂਦੀ ਤੇ ਕਦੇ ਧਰਤੀ ਵੱਲ । ਬੱਦਲ ਦਿਸ਼ਾਵਾਂ ਬਦਲੇ ਰੰਗ ਬਦਲਦੇ ਹਨ । ਹਵਾ ਉਦਾਸ ਹੈ ਨਦੀਆਂ ਰੋਂਦੀਆਂ ਹਨ । ਇਹ ਕੇਹੀ ਰੁੱਤ ਆ ਗਈ ਹੈ ?
ਹੁਣ ਤਾਂ ਸਿਰਫ਼ ਕੰਨਾਂ ਵਿੱਚ ਕੰਧਾਂ ਨਾਲ ਲੱਗ ਕੇ ਬੋਲ ਸੁਣਦੇ ਹਨ । ” ਤੇਰਾ ਆਉਣਾ ਨੀ ਸਮੁੰਦਰਾਂ ਦੀ ਛੱਲ ਵਰਗਾ !
ਤੈਨੂੰ ਰੁਸੇ ਨੂੰ ਮਨਾ ਲੂ ਚੰਨ ਮੇਰਿਆ ।”
###
ਬੁੱਧ ਸਿੰਘ ਨੀਲੋਂ
9464370823

Leave a Reply

Your email address will not be published. Required fields are marked *