ਡੇਰਾਬਸੀ ਦੀ ਸੁਸ਼ਮਾ ਬਾਜਵਾ ਨੇ ਦੇਸ਼ ਦਾ ਨਾਮ ਕੀਤਾ ਰੋਸ਼ਨ

ਚੰਡੀਗੜ੍ਹ ਪੰਜਾਬ

ਡੇਰਾਬਸੀ ਦੀ ਸੁਸ਼ਮਾ ਬਾਜਵਾ ਨੇ ਦੇਸ਼ ਦਾ ਨਾਮ ਕੀਤਾ ਰੋਸ਼ਨ

ਡੇਰਾਬਸੀ 15 ਸਤੰਬਰ ,ਬੋਲੇ ਪੰਜਾਬ ਬਿਊਰੋ :

ਡੇਰਾਬਸੀ ਦੀ ਰਹਿਣ ਵਾਲੀ ਸ਼੍ਰੀਮਤੀ ਸੁਸ਼ਮਾ ਬਾਜਵਾ ਨੇ ਆਪਣੀ ਮਿਹਨਤ ਦੇ ਦ੍ਰਿੜ ਇਰਾਦੇ ਨਾਲ ਆਪਣਾ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਕਿਰਗਿਸਤਾਨ ਵਿਖੇ ਹੋਈ ਕੈਟਲਬੈੱਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੈਟਰਨ ਮਹਿਲਾ ਵਰਗ ਵਿੱਚ ਖੇਡਦਿਆਂ ਚਾਰ ਵੱਖ-ਵੱਖ ਈਵੈਂਟਸ ਵਿੱਚ ਸੋਨ ਤਗ਼ਮੇ ਹਾਸਲ ਕੀਤੇ ਹਨ। ਇਸ ਦੇ ਨਾਲ-ਨਾਲ ਉਹ ਇਸ ਚੈਂਪੀਅਨਸ਼ਿਪ ਵਿੱਚ ਤੀਜੇ ਸਥਾਨ ਲਈ ਟਰਾਫੀ ਹਾਸਲ ਕਰਨ ਵਾਲੀ ਭਾਰਤੀ ਟੀਮ ਦਾ ਹਿੱਸਾ ਵੀ ਬਣੇ ਹਨ। ਲੈਫਟੀਨੈਂਟ ਕਰਨਲ ਸ਼੍ਰੀ ਪੀ.ਐੱਸ. ਬਾਜਵਾ ਦੀ ਪਤਨੀ ਸ਼੍ਰੀਮਤੀ ਬਾਜਵਾ ਨੇ ਆਪਣੀ ਇਸ ਪ੍ਰਾਪਤੀ ਨਾਲ ਜਿੱਥੇ ਆਪਣਾ ਤੇ ਦੇਸ਼ ਦਾ ਨਾਮ ਦੁਨੀਆਂ ਭਰ ਵਿੱਚ ਰੌਸ਼ਨ ਕੀਤਾ ਹੈ, ਉੱਥੇ ਪੰਜਾਬ ਤੇ ਖਾਸਕਰ ਜ਼ਿਲ੍ਹਾ ਸ਼ਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਪ੍ਰਾਪਤੀਆਂ ਵਿੱਚ ਵੀ ਇੱਕ ਹੋਰ ਵਿਲੱਖਣ ਤੇ ਵੱਡੀ ਪ੍ਰਾਪਤੀ ਨੂੰ ਸ਼ੁਮਾਰ ਕੀਤਾ ਹੈ।ਆਪਣੀ ਇਸ ਪ੍ਰਾਪਤੀ ਬਾਬਤ ਸ਼੍ਰੀਮਤੀ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਚੈਂਪੀਅਨਸ਼ਿਪ ਵਿੱਚ ਬਾਇਥਲੋਨ, ਜਰਕ, ਸਨੈਚ ਅਤੇ ਟੀਮ ਰਿਲੇਅ ਈਵੈਂਟ ਵਿੱਚ ਸੋਨ ਤਗ਼ਮੇ ਹਾਸਲ ਕੀਤੇ ਹਨ।ਇਸ ਦੇ ਨਾਲ ਹੀ ਭਾਰਤੀ ਟੀਮ ਨੂੰ ਤੀਜੇ ਸਥਾਨ ਦੀ ਟਰਾਫੀ ਨਾਲ ਨਿਵਾਜਿਆ ਗਿਆ ਤੇ ਸ਼੍ਰੀਮਤੀ ਬਾਜਵਾ ਉਸ ਟੀਮ ਦਾ ਵੀ ਹਿੱਸਾ ਸਨ। ਉਨ੍ਹਾਂ ਆਖਿਆ ਕਿ ਇਸ ਪ੍ਰਾਪਤੀ ਲਈ ਜਿੱਥੇ ਉਨ੍ਹਾਂ ਨੇ ਦਿਨ ਰਾਤ ਇੱਕ ਕਰ ਕੇ ਮਿਹਨਤ ਕੀਤੀ, ਉੱਥੇ ਉਨ੍ਹਾਂ ਦੇ ਪਤੀ ਲੈਫਟੀਨੈਂਟ ਕਰਨਲ ਸ਼੍ਰੀ ਪੀ.ਐੱਸ.ਬਾਜਵਾ ਤੇ ਹੋਰ ਪਰਿਵਾਰਕ ਮੈਂਬਰਾਂ ਦਾ ਵੀ ਇਸ ਸਬੰਧੀ ਬਹੁਤ ਸਹਿਯੋਗ ਮਿਲਿਆ।

ਇਸ ਤੋਂ ਇਲਾਵਾ ਉਹ ਕੈਟਲਬੈੱਲ ਸਪੋਰਟਸ ਇੰਡੀਆ ਐਸੋਸੀਏਸ਼ਨ ਦੇ ਵੀ ਬਹੁਤ ਧੰਨਵਾਦੀ ਹਨ, ਜਿਨ੍ਹਾਂ ਵੱਲੋਂ ਢੁੱਕਵੇਂ ਮੰਚ ਮੁਹੱਈਆ ਕਰਵਾਉਣ ਅਤੇ ਸਹਿਯੋਗ ਦੇ ਨਾਲ ਹੀ ਇਹ ਸਭ ਕੁਝ ਸੰਭਵ ਹੋ ਸਕਿਆ ਹੈ। ਸ਼੍ਰੀਮਤੀ ਬਾਜਵਾ ਨੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣਗੇ ਤਾਂ ਜੋ ਸੂਬੇ ਤੇ ਦੇਸ਼ ਦਾ ਨਾਂ ਹੋਰ ਰੌਸ਼ਨ ਕਰ ਸਕਣ। ਉਨ੍ਹਾਂ ਨੇ ਲੋਕਾਂ, ਖਾਸਕਰ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਨੂੰ ਕਿਸੇ ਨਾ ਕਿਸੇ ਖੇਡ ਨਾਲ ਜ਼ਰੂਰ ਜੋੜ ਕੇ ਰੱਖਣ। ਉਨ੍ਹਾਂ ਆਖਿਆ ਕਿ ਖੇਡਾਂ ਨਾਲ ਜੁੜਨ ਲਈ ਉਮਰ ਦੀ ਕੋਈ ਹੱਦ ਨਹੀਂ ਹੁੰਦੀ, ਇਨਸਾਨ ਉਮਰ ਦੇ ਕਿਸੇ ਵੀ ਪੜਾਅ ਉੱਤੇ ਖੇਡਾਂ ਨਾਲ ਜੁੜ ਸਕਦਾ ਹੈ।

Leave a Reply

Your email address will not be published. Required fields are marked *