ਸੱਚ ਨੂੰ ਕੁੱਝ ਸਮੇਂ ਤੱਕ ਛੁਪਾਇਆ ਤਾਂ ਜਾ ਸਕਦਾ ਹੈ, ਪਰ ਕਦੇ ਦਬਾਇਆ ਨਹੀਂ ਜਾ ਸਕਦਾ – ਹਰਚੰਦ ਸਿੰਘ ਬਰਸਟ
ਚੰਡੀਗੜ੍ਹ, 14 ਸਤੰਬਰ, ਬੋਲੇ ਪੰਜਾਬ ਬਿਊਰੋ :
ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਮਾਨਤ ਮਿਲਣ ਤੇ ਖੁਸ਼ੀ ਜਾਹਰ ਕਰਦਿਆਂ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ। ਇਸ ਨੂੰ ਸੱਚ ਦੀ ਜਿੱਤ ਕਰਾਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਾਨੂੰ ਮਾਨਯੋਗ ਸੁਪਰੀਮ ਕੋਰਟ ਤੇ ਪੂਰਾ ਯਕੀਨ ਸੀ, ਕਿਉਂਕਿ ਸੱਚ ਨੂੰ ਜ਼ਿਆਦਾ ਸਮੇਂ ਤੱਕ ਛੁਪਾ ਕੇ ਨਹੀਂ ਰੱਖਿਆ ਜਾ ਸਕਦਾ। ਕਦੇ ਨਾ ਕਦੇ ਇਹ ਸਾਰਿਆਂ ਦੇ ਸਾਹਮਣੇ ਆ ਹੀ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੇ ਵਿਕਾਸ ਕਾਰਜਾਂ ਦੀ ਹਨੇਰੀ ਨੂੰ ਰੋਕਣ, ਬਦਲੇ ਦੀ ਭਾਵਨਾ ਅਤੇ ਵਿਰੋਧੀਆਂ ਨੂੰ ਦਬਾਉਣ ਦੇ ਉਦੇਸ਼ ਨਾਲ ਕਾਰਜ਼ ਕੀਤੇ ਜਾ ਰਹੇ ਹਨ। ਇਸੇ ਲਈ ਵਿਰੋਧੀ ਪਾਰਟੀਆਂ ਖਿਲਾਫ਼ ਝੂਠੇ ਕੇਸ ਦਰਜ਼ ਕਰਕੇ ਜਾਂਚ ਨੂੰ ਲੰਮਾ ਖਿੱਚਿਆ ਜਾਂਦਾ ਹੈ, ਤਾਂ ਜੋ ਲੋਕਾਂ ਨੂੰ ਵਰਗਲਾਇਆ ਜਾ ਸਕੇ। ਪਰ ਸੁਪਰੀਮ ਕੋਰਟ ਦੇ ਫੈਸਲੇ ਨੇ ਕੇਂਦਰ ਸਰਕਾਰ ਦੇ ਇਸ ਤਾਨਾਸ਼ਾਹੀ ਰਵੱਇਆ ਨੂੰ ਕਰਾਰਾ ਜਵਾਬ ਦਿੱਤਾ ਹੈ। ਇਹ ਫੈਸਲਾ ਨਿਆਂ ਪ੍ਰਣਾਲੀ ਅਤੇ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਤੇ ਵਿਸ਼ਵਾਸ ਦੀ ਜਿੱਤ ਹੈ। ਇਸ ਦੇਸ਼ ਵਿੱਚ ਸ੍ਰੀ ਅਰਵਿੰਦ ਕੇਜਰੀਵਾਲ ਜੀ ਵਰਗਾ ਕੋਈ ਵੀ ਇਮਾਨਦਾਰ ਅਤੇ ਦੇਸ਼ ਭਗਤ ਨੇਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸੱਚ ਨੂੰ ਕਦੇ ਵੀ ਦਬਾਇਆ ਨਹੀਂ ਜਾ ਸਕਦਾ।
ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਵੱਖ-ਵੱਖ ਢੰਗਾਂ ਦਾ ਇਸਤੇਮਾਲ ਕਰਕੇ ਆਮ ਆਦਮੀ ਪਾਰਟੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ਾਂ ਕੀਤੀਆਂ, ਪਰ ਉਹ ਇਹ ਭੁੱਲ ਗਏ ਕਿ ਆਮ ਆਦਮੀ ਪਾਰਟੀ ਅੰਦੋਲਨਾਂ ਵਿੱਚੋਂ ਨਿਕਲੀ ਹੋਈ ਪਾਰਟੀ ਹੈ, ਜੋ ਹਮੇਸ਼ਾ ਸੱਚ ਦੀ ਰਾਹ ਤੇ ਹੀ ਚਲਦੀ ਆਈ ਹੈ ਅਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਹਮੇਸ਼ਾ ਤੋਂ ਹੀ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਦੇ ਆਏ ਹਨ। ਉਨ੍ਹਾਂ ਕਿਹਾ ਕਿ ਆਗਾਮੀ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਹੁਣ ਪਾਰਟੀ ਆਗੂਆਂ ਵੱਲੋਂ ਜ਼ੋਰਦਾਰ ਪ੍ਰਚਾਰ ਕੀਤਾ ਜਾਵੇਗਾ ਅਤੇ ਕੇਂਦਰ ਸਰਕਾਰ ਦਾ ਅਸਲ ਚਹਿਰਾ ਲੋਕਾਂ ਨੂੰ ਵਿਖਾਇਆ ਜਾਵੇਗਾ।