ਫੌਜੀ ਅਦਾਲਤ ਨੇ ਤਿੰਨ ਅਮਰੀਕੀ ਨਾਗਰਿਕਾਂ ਸਮੇਤ 37 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ
ਕਿਨਸ਼ਾਸਾ, 14 ਸਤੰਬਰ,ਬੋਲੇ ਪੰਜਾਬ ਬਿਊਰੋ :
ਕਾਂਗੋ ਦੀ ਇੱਕ ਫੌਜੀ ਅਦਾਲਤ ਨੇ ਤਖਤਾਪਲਟ ਦੀ ਕੋਸ਼ਿਸ਼ ਦੇ ਸਬੰਧ ਵਿੱਚ ਸ਼ੁੱਕਰਵਾਰ ਨੂੰ ਤਿੰਨ ਅਮਰੀਕੀ ਨਾਗਰਿਕਾਂ ਸਮੇਤ 37 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ। ਸਜ਼ਾ ਸੁਣਾਏ ਜਾਣ ਵਾਲਿਆਂ ਵਿਚ ਬ੍ਰਿਟੇਨ, ਬੈਲਜੀਅਮ ਅਤੇ ਕੈਨੇਡਾ ਦਾ ਇਕ-ਇਕ ਨਾਗਰਿਕ ਸ਼ਾਮਲ ਹੈ। ਇਨ੍ਹਾਂ ਤੋਂ ਇਲਾਵਾ ਕਈ ਕਾਂਗੋ ਦੇ ਲੋਕਾਂ ਨੂੰ ਵੀ ਸਜ਼ਾ ਸੁਣਾਈ ਗਈ ਹੈ।
ਦੋਸ਼ੀ ਠਹਿਰਾਏ ਗਏ ਵਿਅਕਤੀ ਇਸ ਫੈਸਲੇ ਖਿਲਾਫ ਅਪੀਲ ਕਰ ਸਕਦੇ ਹਨ।ਉਨ੍ਹਾਂ ‘ਤੇ ਤਖ਼ਤਾ ਪਲਟ ਦੀ ਕੋਸ਼ਿਸ਼ ਤੋਂ ਇਲਾਵਾ ਅੱਤਵਾਦ, ਕਤਲ ਅਤੇ ਅਪਰਾਧਿਕ ਗਰੋਹਾਂ ਨਾਲ ਸ਼ਮੂਲੀਅਤ ਦੇ ਵੀ ਦੋਸ਼ ਹਨ। ਇਸ ਮਾਮਲੇ ਵਿੱਚ 14 ਲੋਕਾਂ ਨੂੰ ਬਰੀ ਕਰ ਦਿੱਤਾ ਗਿਆ ਸੀ।
ਮਈ ਵਿੱਚ, ਵਿਰੋਧੀ ਧਿਰ ਦੇ ਨੇਤਾ ਕ੍ਰਿਸ਼ਚੀਅਨ ਮਲੰਗਾ ਦੀ ਅਗਵਾਈ ਵਿੱਚ, ਰਾਸ਼ਟਰਪਤੀ ਮਹਿਲ ਅਤੇ ਰਾਸ਼ਟਰਪਤੀ ਫੇਲਿਕਸ ਸਿਸੇਕੇਦੀ ਦੇ ਇੱਕ ਨਜ਼ਦੀਕੀ ਸਹਿਯੋਗੀ ਨੂੰ ਨਿਸ਼ਾਨਾ ਬਣਾ ਕੇ ਤਖਤਾਪਲਟ ਦੀ ਕੋਸ਼ਿਸ਼ ਅਸਫਲ ਰਹੀ ਸੀ ਤੇ ਛੇ ਲੋਕ ਮਾਰੇ ਗਏ ਸਨ।