ਪੰਜਾਬ ਦੀ ਇੱਕ ਕੇਂਦਰੀ ਜੇਲ੍ਹ ਵਿੱਚੋਂ ਹੈਰਾਨ ਕਰ ਦੇਣ ਵਾਲੀ ਘਟਨਾ ਆਈ ਸਾਹਮਣੇ
ਲੁਧਿਆਣਾ, 14 ਸਤੰਬਰ,ਬੋਲੇ ਪੰਜਾਬ ਬਿਊਰੋ :
ਕੇਂਦਰੀ ਜੇਲ੍ਹ ਵਿੱਚੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਮਹਾਨਗਰ ਦੇ ਤਾਜਪੁਰ ਰੋਡ ‘ਤੇ ਸਥਿਤ ਕੇਂਦਰੀ ਜੇਲ ‘ਚ ਬੰਦ ਹਵਾਲਾਤੀਆਂ ਵੱਲੋਂ ਅਪਣਾਈ ਗਈ ਰਣਨੀਤੀ ਤੋਂ ਬਾਅਦ ਸਿਵਲ ਹਸਪਤਾਲ ‘ਚ ਅਲਟਰਾਸਾਊਂਡ ਕਰਨ ਤੋਂ ਬਾਅਦ ਪ੍ਰਾਈਵੇਟ ਪਾਰਟ ‘ਚ ਛੁਪਾ ਕੇ ਰੱਖਿਆ ਮੋਬਾਇਲ ਫੋਨ ਸਾਹਮਣੇ ਆਇਆ। ਜੇਲ ਪ੍ਰਸ਼ਾਸਨ ਨੇ ਉਕਤ ਕੈਦੀ ਖਿਲਾਫ ਕਾਰਵਾਈ ਲਈ ਮਾਮਲਾ ਪੁਲਸ ਨੂੰ ਭੇਜ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਨੈਚਿੰਗ ਦੇ ਦੋਸ਼ ਵਿੱਚ ਫੜਿਆ ਗਿਆ ਓਮਕਾਰ ਸਿੰਘ ਨਾਮੀ ਕੈਦੀ ਜਦੋਂ ਕੱਲ੍ਹ ਆਪਣੀ ਪੇਸ਼ੀ ਤੋਂ ਬਾਅਦ ਜੇਲ੍ਹ ਵਾਪਸ ਆਇਆ ਤਾਂ ਉਸ ਦੀ ਵਰਾਂਡੇ ਵਿੱਚ ਸੀ.ਆਰ.ਪੀ.ਐਫ. ਜਵਾਨਾਂ ਵੱਲੋਂ ਆਧੁਨਿਕ ਖੋਜ ਯੰਤਰਾਂ ਨਾਲ ਤਲਾਸ਼ੀ ਲਈ ਗਈ। ਉਕਤ ਸਾਜ਼ੋ-ਸਾਮਾਨ ਨਾਲ ਹਵਾਲਾਤੀ ਵੱਲੋਂ ਛੁਪਾਏ ਗੈਰਕਾਨੂੰਨੀ ਸਮਾਨ ਦਾ ਖੁਲਾਸਾ ਹੋਣ ਲੱਗਾ, ਜਿਸ ਨਾਲ ਜਵਾਨਾਂ ਨੂੰ ਸ਼ੱਕ ਹੋ ਗਿਆ। ਉਨ੍ਹਾਂ ਨੇ ਉਕਤ ਕੈਦੀ ਨੂੰ ਜੇਲ੍ਹ ਪ੍ਰਸ਼ਾਸਨ ਦੇ ਸਾਹਮਣੇ ਪੇਸ਼ ਕੀਤਾ।
ਅਧਿਕਾਰੀਆਂ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਕਤ ਕੈਦੀ ਨੇ ਦੱਸਿਆ ਕਿ ਉਸ ਨੇ ਕੁਝ ਪਾਬੰਦੀਸ਼ੁਦਾ ਵਸਤੂਆਂ ਮੂੰਹ ਨਾਲ ਨਿਗਲ ਲਈਆਂ ਸਨ, ਜਿਸ ਤੋਂ ਬਾਅਦ ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਉਕਤ ਕੈਦੀ ਦਾ ਮੈਡੀਕਲ ਕਰਵਾਉਣ ਲਈ ਸਿਵਲ ਸਰਜਨ ਨੂੰ ਪੱਤਰ ਲਿਖਿਆ ਹੈ।
ਸਿਵਲ ਹਸਪਤਾਲ ਦੇ ਮਾਹਿਰਾਂ ਵੱਲੋਂ ਉਕਤ ਹਵਾਲਾਤੀ ਦਾ ਅਲਟਰਾਸਾਊਂਡ ਕਰਵਾਇਆ ਗਿਆ, ਜਿਸ ਤੋਂ ਬਾਅਦ ਹਵਾਲਾਤੀ ਦੇ ਗੁਪਤ ਅੰਗ ‘ਚ ਛੁਪਾ ਕੇ ਰੱਖਿਆ ਗਿਆ ਮੋਬਾਈਲ ਫੋਨ ਮਿਲਿਆ। ਹਵਾਲਾਤੀ ਦੀ ਇਸ ਕੋਝੀ ਹਰਕਤ ਖਿਲਾਫ ਕਾਰਵਾਈ ਲਈ ਮਾਮਲਾ ਪੁਲਸ ਨੂੰ ਭੇਜ ਦਿੱਤਾ ਗਿਆ ਹੈ।