ਉੱਤਰ ਪ੍ਰਦੇਸ਼ ‘ਚ ਭਾਰੀ ਮੀਂਹ ਕਾਰਨ ਪਿੰਡਾਂ ‘ਚ ਪਾਣੀ ਭਰਿਆ, 17 ਲੋਕਾਂ ਦੀ ਮੌਤ
ਕਾਨਪੁਰ, 14 ਸਤੰਬਰ,ਬੋਲੇ ਪੰਜਾਬ ਬਿਊਰੋ :
ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ਅਤੇ ਕਾਨਪੁਰ ਡਿਵੀਜ਼ਨ ਦੇ ਜ਼ਿਲ੍ਹਿਆਂ ਵਿੱਚ ਬੁੱਧਵਾਰ ਰਾਤ ਤੋਂ ਸ਼ੁਰੂ ਹੋਈ ਬਾਰਿਸ਼ ਦਾ ਸਿਲਸਿਲਾ ਵੀਰਵਾਰ ਦੇਰ ਰਾਤ ਤੱਕ ਰੁਕ-ਰੁਕ ਕੇ ਜਾਰੀ ਰਿਹਾ। ਇਸ ਕਾਰਨ ਗੰਗਾ-ਯਮੁਨਾ ਦੇ ਨਾਲ-ਨਾਲ ਕੇਨ ਅਤੇ ਬੇਤਵਾ ਵੀ ਓਵਰਫਲੋ ਹੋ ਗਏ ਹਨ। ਹਮੀਰਪੁਰ-ਜਾਲੌਨ, ਬਾਂਦਾ-ਚਿੱਤਰਕੂਟ ਅਤੇ ਫਰੂਖਾਬਾਦ ਦੇ ਨਦੀ ਕਿਨਾਰੇ ਵਾਲੇ ਖੇਤਰ ਪਾਣੀ ਵਿਚ ਡੁੱਬ ਗਏ ਹਨ। ਹਮੀਰਪੁਰ ਅਤੇ ਜਲੌਣ ਦੇ ਦਰਜਨਾਂ ਪਿੰਡ ਪਾਣੀ ਵਿੱਚ ਘਿਰ ਗਏ ਹਨ।
ਦੂਜੇ ਪਾਸੇ ਸ਼ੁੱਕਰਵਾਰ ਨੂੰ ਹਰਦੋਈ ਵਿੱਚ 90 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਰਾਜ ਭਰ ਵਿੱਚ ਕੱਚੇ ਮਕਾਨਾਂ ਦੇ ਢਹਿ ਜਾਣ ਦੀਆਂ ਘਟਨਾਵਾਂ ਵਿੱਚ 17 ਲੋਕਾਂ ਦੀ ਮੌਤ ਹੋ ਗਈ।
ਬੁੰਦੇਲਖੰਡ ਦੀਆਂ ਸਾਰੀਆਂ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਹਮੀਰਪੁਰ ‘ਚ ਯਮੁਨਾ ਅਤੇ ਬੇਤਵਾ ਨਦੀਆਂ ‘ਤੇ ਸਥਿਤ ਡੈਮ ਪੂਰੀ ਤਰ੍ਹਾਂ ਭਰ ਗਏ ਹਨ। ਇਨ੍ਹਾਂ ਵਿੱਚੋਂ ਹੌਲੀ-ਹੌਲੀ ਪਾਣੀ ਛੱਡਿਆ ਜਾ ਰਿਹਾ ਹੈ।