ਤਿੰਨ ਦਿਨਾਂ ਸੰਗਰੂਰ ਪੈਨਸ਼ਨ ਮੋਰਚੇ ਵਿੱਚ ਪਟਿਆਲੇ ਜਿਲ੍ਹੇ ਚੋਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਕਰਨਗੇ ਸ਼ਮੂਲੀਅਤ
ਪਟਿਆਲਾ , 13 ਸਤੰਬਰ ,ਬੋਲੇ ਪੰਜਾਬ ਬਿਊਰੋ :
ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਅੱਜ ਤ੍ਰਿਪੜੀ ਮੋੜ ਪਟਿਆਲਾ ਵਿਖੇ ਇੱਕਠੇ ਹੋ ਕੇ ਐੱਨਪੀਐੱਸ ਮੁਲਾਜ਼ਮਾਂ ਨੇ ਇਕੱਠ ਨਾਲ ਮਾਰਚ ਕਰਕੇ ਕੈਬਨਿਟ ਮੰਤਰੀ ਡਾ ਬਲਵੀਰ ਸਿੰਘ ਦੇ ਨਾਂ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤਾ ਗਿਆ। ਜਿਸਨੂੰ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਮੌਕੇ ਤੇ ਉਹਨਾਂ ਦੇ ਪੀ.ਏ ਜਸਵੀਰ ਸਿੰਘ ਗਾਂਧੀ ਨੇ ਪ੍ਰਾਪਤ ਕੀਤਾ।
ਇਸ ਮੌਕੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਫਰੰਟ ਦੇ ਕੋ-ਕਨਵੀਨਰ ਭਰਤ ਕੁਮਾਰ ਅਤੇ ਜੀਨੀਅਸ ਨੇ ਦੱਸਿਆ ਕਿ ਆਪ ਸਰਕਾਰ ਪੁਰਾਣੀ ਪੈਨਸ਼ਨ ਲਾਗੂ ਕਰਨ ਦੇ ਆਪਣੇ ਚੋਣ ਵਾਅਦੇ ਤੇ ਅਮਲ ਕਰਨ ਅਤੇ ਕੇਂਦਰੀ ਭਾਜਪਾ ਹਕੂਮਤ ਵੱਲੋਂ ਪੁਰਾਣੀ ਪੈਨਸ਼ਨ ਪ੍ਰਣਾਲੀ ਖਿਲਾਫ਼ ਵਿੱਢੇ ਹਮਲੇ ਅੱਗੇ ਗੋਡੇ ਟੇਕਦਿਆਂ ਸੂਬਾ ਦੇ ਐੱਨ.ਪੀ.ਐੱਸ ਮੁਲਾਜ਼ਮਾਂ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਮੁਕੰਮਲ ਨਾਕਾਮ ਸਾਬਤ ਹੋਈ ਹੈ। ਉਹਨਾਂ ਦੱਸਿਆ ਕਿ ਆਪ ਸਰਕਾਰ ਦੇ ਢਾਈ ਸਾਲ ਬੀਤਣ ਦੇ ਬਾਵਜੂਦ ਕਿਸੇ ਵੀ ਮੁਲਾਜ਼ਮ ਦਾ ਜੀਪੀਐੱਫ ਖਾਤਾ ਨਹੀਂ ਖੁੋਲਿਆ ਬਲਕਿ ਨਵੀਆਂ ਭਰਤੀਆਂ ਉੱਤੇ ਵੀ ਐੱਨਪੀਐੱਸ ਸਕੀਮ ਲਾਗੂ ਕੀਤੀ ਜਾ ਰਹੀ ਹੈ। ਆਪ ਸਰਕਾਰ ਵੱਲੋਂ 18 ਨਵੰਬਰ 2022 ਨੂੰ ਜਾਰੀ ਕੀਤਾ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਵੀ ਇੱਕ ਕਾਗਜੀ ਜੁਮਲਾ ਸਾਬਿਤ ਹੋਇਆ ਹੈ।ਆਪ ਸਰਕਾਰ ਦੀ ਇਸ ਨਾਕਾਮੀ ਦੇ ਰੋਸ ਵਜੋਂ ਅੱਜ ਪੀਪੀਪੀਐੱਫ ਫਰੰਟ ਦੇ ਮੁਲਾਜ਼ਮਾਂ ਨੇ ਭਰਵੀਂ ਹਾਜ਼ਰੀ ਵਿੱਚ ਕੈਬਨਿਟ ਮੰਤਰੀ ਡਾ ਬਲਵੀਰ ਸਿੰਘ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤਾ ਗਿਆ ਹੈ। ਇਸ ਨੋਟਿਸ ਦਾ ਕੋਈ ਸਪੱਸ਼ਟੀਕਰਨ 30 ਸਤੰਬਰ ਤੱਕ ਜਾਰੀ ਨਾ ਹੋਣ ਦੀ ਸੂਰਤ ਵਿੱਚ 1 ਤੋਂ 3 ਅਕਤੂਬਰ ਤੱਕ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ‘ਪੈਨਸ਼ਨ ਪ੍ਰਾਪਤੀ ਮੋਰਚਾ’ ਲਗਾਇਆ ਜਾਵੇਗਾ।
ਪੁਰਾਣੀ ਪੈਨਸ਼ਨ ਦੇ ਜਿਲ੍ਹਾ ਆਗੂਆਂ ਜਗਤਾਰ ਸਿੰਘ , ਜਗਪਾਲ ਚਹਿਲ , ਰਣਜੀਤ ਬੀਰੋਕੇ ਅਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਗੁਰਜੀਤ ਘੱਗਾ ਅਤੇ ਜਿਲ੍ਹਾ ਸਕੱਤਰ ਹਰਿੰਦਰ ਪਟਿਆਲਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪ੍ਰਸਤਾਵਿਤ ਯੂਪੀਐੱਸ ਸਕੀਮ ਵਿੱਚ ਪੁਰਾਣੀ ਪੈਨਸ਼ਨ ਦੇ ਲਾਭਕਾਰੀ ਮੱਦਾਂ ਨੂੰ ਸ਼ਾਮਲ ਕੀਤੇ ਜਾਣਾ ਮੁਲਾਜ਼ਮ ਸੰਘਰਸ਼ਾਂ ਦੀ ਅੰਸ਼ਿਕ ਪ੍ਰਾਪਤੀ ਜ਼ਰੂਰ ਹੈ। ਪਰ ਇਹ ਨਵੀੰ ਪੈਨਸ਼ਨ ਯੋਜਨਾ ਓਪੀਐੱਸ ਦੀ ਅਧੂਰੀ ਨਕਲ ਹੈ ਜਿਸ ਕਾਰਨ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਹੋਰ ਵੀ ਭਖਵੇਂ ਰੂਪ ਵਿੱਚ ਉਠਾਉਣਾ ਸਮੇਂ ਦੀ ਲੋੜ ਬਣ ਗਈ ਹੈ।
ਇਸ ਮੌਕੇ , ਅਮਨਦੀਪ ਦੇਵੀਗੜ, ,ਪ੍ਰਿਤਪਾਲ ਚਹਿਲ , ਕ੍ਰਿਸ਼ਨ ਚੁਹਾਣਕੇ, ਹਰਗੋਪਾਲ ਸਿੰਘ, ਸੰਦੀਪ ਕੌਰ, ਬਿੰਦਰਾ ਬਿੰਦੂ, ਪੂਜਾ ਰਾਣੀ, ਹਰਜਿੰਦਰ ਕੌਰ, ਦਲਵੀਰ ਸਿੰਘ , ਨੀਟੂ ਟੋਡਰਪੁਰ, ਬਲਕਾਰ ਸਿੰਘ , ਤਰਸੇਮ ਡਕਾਲਾ ,ਪਰਵਿੰਦਰ ਸਿੰਘ ਬਲਵਿੰਦਰ ਕੌਰ , ਗਾਇਤਰੀ ਮੈਡਮ , ਗੁਰਜੀਤ ਸਿੰਘ, ਜਸਪਾਲ ਸਿੰਘ ਅਤੇ ਸ਼ਿਵਦੇਵ ਸਿੰਘ ਆਦਿ ਹਾਜ਼ਰ ਸਨ।