ਸਿੱਖ ਵਿਰੋਧੀ ਦੰਗੇ: ਦਿੱਲੀ ਦੀ ਅਦਾਲਤ ਵੱਲੋਂ ਟਾਈਟਲਰ ਖ਼ਿਲਾਫ਼ ਹੱਤਿਆ ਦੇ ਦੋਸ਼ ਤੈਅ
ਨਵੀਂ ਦਿੱਲੀ, 13 ਸਤੰਬਰ ,ਬੋਲੇ ਪੰਜਾਬ ਬਿਊਰੋ :
ਦਿੱਲੀ ਦੀ ਇਕ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇਕ ਮਾਮਲੇ ਵਿੱਚ ਅੱਜ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਹੱਤਿਆ ਤੇ ਹੋਰ ਅਪਰਾਧਾਂ ਵਿੱਚ ਦੋਸ਼ ਤੈਅ ਕੀਤੇ। ਟਾਈਟਲਰ ਨੇ ਗੁਨਾਹ ਕਬੂਲ ਨਹੀਂ ਕੀਤਾ ਜਿਸ ਮਗਰੋਂ ਵਿਸ਼ੇਸ਼ ਜੱਜ ਰਾਕੇਸ਼ ਸਿਆਲ ਨੇ ਉਸ ’ਤੇ ਮੁਕੱਦਮਾ ਚਲਾਉਣ ਦਾ ਨਿਰਦੇਸ਼ ਦਿੱਤਾ। ਜੱਜ ਨੇ 30 ਅਗਸਤ ਨੂੰ ਕਿਹਾ ਸੀ ਕਿ ਮੁਲਜ਼ਮ ਖ਼ਿਲਾਫ਼ ਕਾਰਵਾਈ ਅੱਗੇ ਵਧਾਉਣ ਦਾ ਢੁੱਕਵਾਂ ਆਧਾਰ ਹੈ। ਇਕ ਗਵਾਹ ਨੇ ਪਹਿਲਾਂ ਦੋਸ਼ ਪੱਤਰ ਵਿੱਚ ਕਿਹਾ ਸੀ ਕਿ ਟਾਈਟਲਰ ਪਹਿਲੀ ਨਵੰਬਰ 1984 ਨੂੰ ਇੱਥੇ ਗੁਰਦੁਆਰਾ ਪੁਲ ਬੰਗਸ਼ ਦੇ ਸਾਹਮਣੇ ਸਫੈਦ ਅੰਬੈਸਡਰ ਕਾਰ ਤੋਂ ਬਾਹਰ ਨਿਕਲਿਆ ਸੀ ਅਤੇ ਉਸ ਨੇ ਇਹ ਕਹਿੰਦੇ ਹੋਏ ਭੀੜ ਨੂੰ ਭੜਕਾਇਆ ਸੀ ਕਿ ‘ਸਿੱਖਾਂ ਨੂੰ ਮਾਰੋ, ਉਨ੍ਹਾਂ ਨੇ ਸਾਡੀ ਮਾਂ ਨੂੰ ਮਾਰਿਆ ਹੈ’’ ਅਤੇ ਇਸ ਤੋਂ ਬਾਅਦ ਤਿੰਨ ਲੋਕਾਂ ਦੀ ਹੱਤਿਆ ਹੋ ਗਈ। ਅਦਾਲਤ ਨੇ ਗੈਰ-ਕਾਨੂੰਨੀ ਤਰੀਕੇ ਨਾਲ ਇਕੱਠੇ ਹੋਣ, ਦੰਗਾ ਭੜਕਾਉਣ, ਵੱਖ-ਵੱਖ ਸਮੂਹਾਂ ਵਿਚਾਲੇ ਦੁਸ਼ਮਣੀ ਨੂੰ ਹੱਲਾਸ਼ੇਰੀ ਦੇਣ, ਘਰਾਂ ਵਿੱਚ ਵੜ ਕੇ ਹਮਲਾ ਕਰਨ ਅਤੇ ਚੋਰੀ ਸਣੇ ਹੋਰ ਕਈ ਅਪਰਾਧਾਂ ਲਈ ਦੋਸ਼ ਤੈਅ ਕਰਨ ਦਾ ਹੁਕਮ ਦਿੱਤਾ ।