ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਬਿਜਲੀ ਮੁਲਾਜ਼ਮਾਂ ਅਤੇ ਡਾਕਟਰਾਂ ਦੀ ਹੜਤਾਲ ਦਾ ਪੂਰਨ ਸਮਰਥਨ

ਚੰਡੀਗੜ੍ਹ ਪੰਜਾਬ

ਮੁੱਖ ਮੰਤਰੀ ਵੱਲੋਂ ਬਾਰ-ਬਾਰ ਮੀਟਿੰਗ ਮੁਲਤਵੀ ਕਰਨ ਦੀ ਕੀਤੀ ਜ਼ੋਰਦਾਰ ਨਿਖੇਧੀ।


ਚੰਡੀਗੜ੍ਹ 12 ਸਤੰਬਰ ,ਬੋਲੇ ਪੰਜਾਬ ਬਿਊਰੋ ;

ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਆਗੂਆਂ ਸਤੀਸ਼ ਰਾਣਾ, ਜਰਮਨਜੀਤ ਸਿੰਘ, ਸੁਰਿੰਦਰ ਪਾਲ ਸਿੰਘ ਮੋਲੋਵਾਲੀ, ਕਰਮ ਸਿੰਘ ਧਨੋਆ, ਸੁਖਦੇਵ ਸਿੰਘ ਸੈਣੀ, ਰਣਜੀਤ ਸਿੰਘ ਰਾਣਵਾ, ਭਜਨ ਸਿੰਘ ਗਿੱਲ, ਗਗਨਦੀਪ ਸਿੰਘ ਭੁੱਲਰ , ਬਾਜ ਸਿੰਘ ਖਹਿਰਾ, ਐਨ .ਕੇ. ਕਲਸੀ, ਜਗਦੀਸ਼ ਸਿੰਘ ਚਾਹਲ, ਜਸਵੀਰ ਸਿੰਘ ਤਲਵਾੜਾ, ਰਾਧੇ ਸ਼ਾਮ, ਬੋਵਿੰਦਰ ਸਿੰਘ, ਦਿਗਵਿਜੇ ਪਲ ਸ਼ਰਮਾ ਅਤੇ ਕਰਮਜੀਤ ਸਿੰਘ ਬੀਹਲਾ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਵੱਲੋਂ ਬਿਜਲੀ ਮੁਲਾਜ਼ਮਾਂ ਦੀਆਂ ਵੱਖ-ਵੱਖ ਜਥੇਬੰਦੀਆਂ ਤੇ ਆਧਾਰਤ ਬਣੇ ਜੁਆਇੰਟ ਫੋਰਮ, ਏਕਤਾ ਮੰਚ ਅਤੇ ਜੂਨੀਅਰ ਇੰਜੀਨੀਅਰ ਐਸੋਸੀਏਸ਼ਨ ਦੇ ਸੱਦੇ ਤੇ 10 ਸਤੰਬਰ ਤੋਂ ਚੱਲ ਰਹੀ ਹੜਤਾਲ ਦਾ ਪੂਰਨ ਸਮਰਥਨ ਕੀਤਾ ਅਤੇ ਪੰਜਾਬ ਸਰਕਾਰ ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਉਹ ਅੜੀਅਲ ਵਤੀਰਾ ਛੱਡ ਕੇ ਹੜਤਾਲੀ ਮੁਲਾਜ਼ਮਾਂ ਦੇ ਆਗੂਆਂ ਨਾਲ ਤੁਰੰਤ ਗੱਲਬਾਤ ਕਰਕੇ ਮੰਗਾਂ ਦਾ ਨਿਪਟਾਰਾ ਕਰੇ। ਸਾਂਝਾ ਫਰੰਟ ਦੇ ਉਕਤ ਆਗੂਆਂ ਵੱਲੋਂ ਸਿਹਤ ਵਿਭਾਗ ਅੰਦਰ ਕੰਮ ਕਰਦੇ ਡਾਕਟਰਾਂ ਦੀ ਜਥੇਬੰਦੀ ਪੀਸੀਐਮਐਸ ਐਸੋਸੀਏਸ਼ਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ ਦਾ ਵੀ ਸਮਰਥਨ ਕੀਤਾ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੀਸੀਐਮਐਸ ਐਸੋਸੀਏਸ਼ਨ ਨਾਲ ਗੱਲਬਾਤ ਦੌਰਾਨ ਕੀਤੇ ਸਮਝੌਤੇ ਨੂੰ ਅਮਲੀ ਰੂਪ ਦਿੱਤਾ ਜਾਵੇ। ਸਾਂਝਾ ਫਰੰਟ ਦੇ ਉਕਤ ਆਗੂਆਂ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਹੜਤਾਲੀ ਮੁਲਾਜ਼ਮਾਂ ਦੇ ਚੱਲ ਰਹੇ ਸੰਘਰਸ਼ਾਂ ਵਿੱਚ ਸਾਥੀਆਂ ਸਮੇਤ ਸ਼ਾਮਿਲ ਹੋ ਕੇ ਸਮਰਥਨ ਕਰਨ । ਉਕਤ ਆਗੂਆਂ ਆਪਣਾ ਬਿਆਨ ਜਾਰੀ ਰੱਖਦਿਆਂ ਇਹ ਵੀ ਦੱਸਿਆ ਕਿ ਅੱਜ ਸਾਂਝਾ ਫਰੰਟ ਦੀ ਜੋ ਮੀਟਿੰਗ ਕੈਬਨਿਟ ਸਬ ਕਮੇਟੀ ਨਾਲ ਪੰਜਾਬ ਭਵਨ ਵਿਖੇ ਸੀ ਉਸ ਵਿੱਚ ਸਾਂਝਾ ਫਰੰਟ ਵਲੋਂ ਸ਼ਮੂਲੀਅਤ ਨਹੀਂ ਕੀਤੀ ਗਈ ਕਿਉਂਕਿ ਕੈਬਨਟ ਸਬ ਕਮੇਟੀ ਦੇ ਮੁਖੀ ਸਰਦਾਰ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਨਾਲ ਪਹਿਲਾਂ ਹੀ ਚਾਰ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਉਨਾਂ ਵੱਲੋਂ ਕਿਸੇ ਵੀ ਮੰਗ ਦਾ ਨਿਪਟਾਰਾ ਨਹੀਂ ਕੀਤਾ ਗਿਆ ਅਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅੱਠ ਵਾਰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗਾਂ ਮੁਲਤਵੀ ਕੀਤੀਆਂ ਗਈਆਂ , ਜਿਸ ਸਬੰਧੀ ਸਾਂਝਾ ਫਰੰਟ ਵੱਲੋਂ ਆਪਣਾ ਰੋਸ ਪੱਤਰ ਪਹਿਲਾਂ ਹੀ ਮੁੱਖ ਮੰਤਰੀ ਨੂੰ ਭੇਜ ਦਿੱਤਾ ਗਿਆ ਸੀ। ਆਗੂਆਂ ਆਖਿਆ ਕਿ ਇੰਝ ਜਾਪਦਾ ਹੈ ਕਿ ਮੀਟਿੰਗਾਂ ਮੁਲਤਵੀ ਕਰਨ ਦਾ ਰਿਕਾਰਡ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਆਪਣਾ ਨਾਮ ਗਿਨੀ ਬੁੱਕ ਆਫ ਰਿਕਾਰਡਜ਼ ਵਿਚ ਦਰਜ ਕਰਵਾਉਣਾ ਚਾਹੁੰਦੇ ਹਨ। ਸਾਂਝਾ ਫਰੰਟ ਦੇ ਆਗੂਆਂ ਆਖਿਆ ਕਿ ਸਾਂਝਾ ਫਰੰਟ ਜੇਕਰ ਮੀਟਿੰਗ ਵਿੱਚ ਸ਼ਾਮਿਲ ਹੋਵੇਗਾ ਤਾਂ ਉਹ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਵਿੱਚ ਹੀ ਸ਼ਾਮਿਲ ਹੋਵੇਗਾ। ਬਾਰ ਬਾਰ ਮੀਟਿੰਗਾਂ ਮੁਲਤਵੀ ਕਰਨ ਨਾਲ ਜਿੱਥੇ ਪੰਜਾਬ ਸਰਕਾਰ ਦਾ ਵਕਾਰ ਖਤਮ ਹੋਇਆ ਹੈ ਉਥੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਅੰਦਰ ਵੀ ਗੁੱਸੇ ਦੀ ਲਹਿਰ ਵਧੀ ਹੈ। ਸਾਂਝਾ ਫਰੰਟ ਦੇ ਆਗੂਆਂ ਆਖਿਆ ਕਿ ਸਾਂਝਾ ਫਰੰਟ ਵੱਲੋਂ 19 ਸਤੰਬਰ ਨੂੰ ਮੀਟਿੰਗ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ

Leave a Reply

Your email address will not be published. Required fields are marked *