ਦਿੱਲੀ ਦੇ ਤਿੰਨ ਸਰਕਾਰੀ ਹਸਪਤਾਲਾਂ ‘ਚ ਇਲਾਜ ਨਾ ਮਿਲਣ ਕਾਰਨ ਸੜਕ ਹਾਦਸੇ ‘ਚ ਜ਼ਖਮੀ ਨੌਜਵਾਨ ਨੇ ਦਮ ਤੋੜਿਆ
ਨਵੀਂ ਦਿੱਲੀ, 12 ਸਤੰਬਰ,ਬੋਲੇ ਪੰਜਾਬ ਬਿਊਰੋ :
ਦਵਾਰਕਾ ਜ਼ਿਲ੍ਹੇ ਦੇ ਬਾਬਾ ਹਰੀਦਾਸ ਨਗਰ ਇਲਾਕੇ ਵਿੱਚ ਕਲੱਸਟਰ ਬੱਸ ਦੀ ਟੱਕਰ ਵਿੱਚ ਜ਼ਖ਼ਮੀ ਹੋਏ ਨੌਜਵਾਨ ਨੂੰ ਇੱਕ ਤੋਂ ਬਾਅਦ ਇੱਕ ਤਿੰਨ ਸਰਕਾਰੀ ਹਸਪਤਾਲਾਂ ਵਿੱਚ ਲਿਜਾਇਆ ਗਿਆ। ਨਜਫਗੜ੍ਹ ਸਥਿਤ ਏਮਜ਼ ਹੈਲਥ ਸੈਂਟਰ, ਡੀਡੀਯੂ ਹਸਪਤਾਲ ਅਤੇ ਸਫਦਰਜੰਗ ਹਸਪਤਾਲ ‘ਚ ਇਲਾਜ ਨਾ ਮਿਲਣ ਤੋਂ ਪਰੇਸ਼ਾਨ ਪਰਿਵਾਰ ਨੇ ਨੌਜਵਾਨ ਨੂੰ ਨਜਫਗੜ੍ਹ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। ਇਸ ਦੌਰਾਨ ਕਰੀਬ ਤਿੰਨ ਘੰਟੇ ਬੀਤ ਗਏ।
ਉਸ ਦਾ ਇਲਾਜ ਨਿੱਜੀ ਹਸਪਤਾਲ ‘ਚ ਸ਼ੁਰੂ ਵੀ ਹੋਇਆ ਪਰ ਸੀਟੀ ਸਕੈਨ ਦੌਰਾਨ ਨੌਜਵਾਨ ਦੀ ਮੇਜ਼ ‘ਤੇ ਹੀ ਮੌਤ ਹੋ ਗਈ।ਮ੍ਰਿਤਕ ਦੀ ਪਛਾਣ ਵਿਜੇ ਕੁਮਾਰ (20) ਵਜੋਂ ਹੋਈ ਹੈ। ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਨੌਜਵਾਨ ਦੀ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ। ਪਰਿਵਾਰ ਲਾਸ਼ ਨੂੰ ਲੈ ਕੇ ਆਗਰਾ ਚਲਾ ਗਿਆ। ਵਿਜੇ ਕੁਮਾਰ ਹਫ਼ਤਾਵਾਰੀ ਬਾਜ਼ਾਰਾਂ ਵਿੱਚ ਜਲੇਬੀ ਅਤੇ ਸਮੋਸੇ ਵੇਚਦਾ ਸੀ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਬੱਸ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।