ਹਾਈਕੋਰਟ ਨੇ ਪੰਜਾਬ ਦੇ ਨਸ਼ਾ ਤਸਕਰ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਤੇ 1 ਲੱਖ ਰੁਪਏ ਜੁਰਮਾਨਾ ਕੀਤਾ
ਚੰਡੀਗੜ੍ਹ, 12 ਸਤੰਬਰ,ਬੋਲੇ ਪੰਜਾਬ ਬਿਊਰੋ :
ਮੋਹਾਲੀ ਜ਼ਿਲ੍ਹੇ ਦੀ ਡੇਰਾਬੱਸੀ ਪੁਲਿਸ ਨੇ 9 ਮਾਰਚ 2023 ਨੂੰ ਅੰਬਾਲਾ-ਚੰਡੀਗੜ੍ਹ ਹਾਈਵੇ ‘ਤੇ ਜਵਾਹਰਪੁਰ ਨੇੜੇ ਗਸ਼ਤ ਦੌਰਾਨ ਇੱਕ ਵਿਅਕਤੀ ਨੂੰ 1 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਸੀ। ਇਸ ਮਾਮਲੇ ‘ਚ ਹਾਈਕੋਰਟ ‘ਚ ਸੁਣਵਾਈ ਹੋਈ। ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਦੋਸ਼ੀ ਨੂੰ 10 ਸਾਲ ਦੀ ਕੈਦ ਦੀ ਸਜ਼ਾ ਅਤੇ 1 ਲੱਖ ਰੁਪਏ ਜੁਰਮਾਨਾ ਲਗਾਇਆ ਹੈ। ਜੁਰਮਾਨਾ ਅਦਾ ਨਾ ਕਰਨ ‘ਤੇ 2 ਮਹੀਨੇ ਦੀ ਸਜ਼ਾ ਹੋਰ ਭੁਗਤਣੀ ਪਵੇਗੀ।
ਸੁਣਵਾਈ ਦੇ ਦੌਰਾਨ ਸਰਕਾਰੀ ਵਕੀਲ ਨੇ ਕਿਹਾ ਕਿ ਪੁਲਿਸ ਇਲਾਕੇ ਵਿਚ ਗਸ਼ਤ ਕਰ ਰਹੀ ਸੀ ਕਿ ਉਥੇ ਹੀ ਅੰਬਾਲਾ ਵਲੋਂ ਬੈਗ ਲੈ ਕੇ ਦੋਸ਼ੀ ਸਤੀਸ਼ ਕੁਮਾਰ ਆਇਆ।ਪੁਲਿਸ ਨੂੰ ਦੇਖ ਕੇ ਉਹ ਪਿੱਛੇ ਮੁੜ ਗਿਆ। ਇਸ ’ਤੇ ਪੁਲਿਸ ਨੇ ਪਿੱਛਾ ਕਰਕੇ ਉਸ ਨੂੰ ਫੜਿਆ ਅਤੇ ਤਲਾਸੀ ਲੈਣ ’ਤੇ ਉਸਦੇ ਬੈਗ ਵਿਚ 1 ਕਿਲੋ ਹੈਰੋਇਨ ਬਰਾਮਦ ਹੋਈ। ਇਸ ਦੇ ਬਾਅਦ ਪੁਲਿਸ ਨੇ ਉਸ ਤੋਂ ਪੁਛ ਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੇ ਭਤੀਜੇ ਅਜੈ ਅਤੇ ਰਵੀ ਵੀ ਸਾਥ ਦਿੰਦੇ ਸੀ। ਉਹ ਪਿਛਲੇ 2 ਸਾਲ ਤੋਂ ਚੰਡੀਗੜ੍ਹ ਅਤੇ ਡੇਰਾਬੱਸੀ ਦੇ ਇਲਾਕੇ ਵਿਚ ਹੈਰੋਇਨ ਵੇਚ ਰਹੇ ਸਨ। ਇਸ ’ਤੇ ਪੁਲਿਸ ਨੇ ਉਨ੍ਹਾਂ ਨੂੰ ਵੀ ਕੇਸ ਵਿਚ ਨਾਮਜ਼ਦ ਕੀਤਾ। ਪੀੜ੍ਹਤ ਦੇ ਵਕੀਲ ਨੇ ਕਿਹਾ ਕਿ ਉਸ ਦੇ ਮੁਵੱਕਿਲ ਨੂੰ ਫਸਾਇਆ ਗਿਆ ਹੈ। ਉਸ ਕੋਲ਼ੋਂ ਕੋਈ ਹੈਰੋਇਨ ਬਰਾਮਦ ਨਹੀਂ ਹੋਈ। ਉਸ ਨੂੰ ਦਿੱਲੀ ਤੋਂ ਚੰਡੀਗੜ੍ਹ ਮੁੜਦੇ ਸਮੇਂ ਪੰਜਾਬ ਰੋਡਵੇਜ਼ ਦੀ ਬਸ ‘ਚੋਂ ਗ੍ਰਿਫ਼ਤਾਰ ਕੀਤਾ ਗਿਆ।
ਅਦਾਲਤ ਨੇ ਜਦੋਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਣਾਉਣ ਲਈ ਕਿਹਾ ਤਾਂ ਵਕੀਲ ਨੇ ਕਿਹਾ ਕਿ ਉਨ੍ਹਾਂ ਦਾ ਮੁਵੱਕਿਲ ਪਹਿਲੀ ਵਾਰ ਇਸ ਤਰ੍ਹਾਂ ਦੇ ਮਾਮਲੇ ਵਿੱਚ ਫਸਿਆ ਹੈ। ਉਸ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ। ਉਸ ਦੀਆਂ ਦੋਵੇਂ ਧੀਆਂ ਦਾ ਵਿਆਹ ਹੋਣਾ ਹੈ ਇਸ ਲਈ ਉਸ ਨੂੰ ਸਜ਼ਾ ਵਿਚ ਰਿਆਇਤ ਦਿੱਤੀ ਜਾਵੇ। ਇਸ ‘ਤੇ ਅਦਾਲਤ ਨੇ ਕਿਹਾ ਕਿ ਤਸਕਰੀ ‘ਚ ਸ਼ਾਮਲ ਹੋਣ ਤੋਂ ਪਹਿਲਾਂ ਇਹ ਸੋਚਣਾ ਚਾਹੀਦਾ ਸੀ ਕਿ ਅਜਿਹਾ ਕਰਨ ਦੇ ਨਤੀਜੇ ਕੀ ਨਿਕਲਣਗੇ।
ਜੇਕਰ ਤਸਕਰਾਂ ਨੂੰ ਸਜ਼ਾ ‘ਚ ਰਿਆਇਤ ਦਿੱਤੀ ਜਾਣ ਲੱਗੀ ਤਾਂ ਸਮਾਜ ਵਿਚ ਇਸ ਦਾ ਮਾੜਾ ਅਸਰ ਜਾਵੇਗਾ। ਇਹ ਕਹਿੰਦੇ ਹੋਏ ਅਦਾਲਤ ਨੇ 10 ਸਾਲ ਦੀ ਸਖਤ ਸਜ਼ਾ ਦਾ ਹੁਕਮ ਦਿੱਤਾ।