ਘਟੀਆ ਦਰਜੇ ਦੀਆਂ ਫ਼ਿਲਮਾਂ ਬਣਾ ਕੇ ਸਿੱਖਾਂ ਦੇ ਅਕਸ ਨੂੰ ਖਰਾਬ ਕੀਤਾ ਜਾ ਰਿਹਾ ਹੈ- ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਚੰਡੀਗੜ੍ਹ ਪੰਜਾਬ

ਘਟੀਆ ਦਰਜੇ ਦੀਆਂ ਫ਼ਿਲਮਾਂ ਬਣਾ ਕੇ ਸਿੱਖਾਂ ਦੇ ਅਕਸ ਨੂੰ ਖਰਾਬ ਕੀਤਾ ਜਾ ਰਿਹਾ ਹੈ- ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਕਰਨਾਲ 8 ਸਤੰਬਰ,ਬੋਲੇ ਪੰਜਾਬ ਬਿਊਰੋ :

ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਆਣਾ ਦੇ ਕਰਨਾਲ ਵਿਖੇ ਹੋਏ ਇਕ ਸੰਮੇਲਨ ਵਿਚ ਕਿਸੇ ਦਾ ਨਾਮ ਲਏ ਬਗੈਰ ਸਰਕਾਰਾਂ ਨੂੰ ਤੱਤੀਆ -ਤੱਤੀਆ ਸੁਣਾ ਕੇ ਨਿਹਾਲ ਕੀਤਾ। ਅੱਜ ਪਹਿਲੀ ਵਾਰ ਬੇਹਦ ਤਲਖ਼ ਨਜ਼ਰ ਆ ਰਹੇ ਜਥੇਦਾਰ ਨੇ ਸਮੇਂ ਦੀਆਂ ਹਕੂਮਤਾਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਸੰਬੋਧਨ ਹੁੰਦੇ ਆਖਿਆ ਕਿ ਸਰਕਾਰ ਵਲੋਂ ਅੱਜ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੇਸ਼ ਧ੍ਰੋਹ ਦੇ ਪਰਚੇ ਦਰਜ ਕੀਤੇ ਜਾ ਰਹੇ ਹਨ। ਬੇਹਦ ਘਟੀਆ ਦਰਜੇ ਦੀਆਂ ਫ਼ਿਲਮਾਂ ਬਣਾ ਕੇ ਸਿੱਖਾਂ ਦੇ ਅਕਸ ਨੂੰ ਖਰਾਬ ਕੀਤਾ ਜਾ ਰਿਹਾ ਹੈ। ਉਹਨਾਂ ਆਖਿਆ ਕਿ ਸਰਕਾਰਾਂ ਨੂੰ ਪੱਗਾਂ ਦਾਹੜੇ ਚੁਬਦੇ ਹਨ ਇਸ ਲਈ ਸਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਥੇਦਾਰ ਨੇ ਕਿਹਾ ਕਿ ਕੁਝ ਲੋਕ ਇਹ ਭੁੱਲ ਗਏ ਹਨ ਕਿ ਜੇਕਰ ਪੱਗਾਂ ਤੇ ਦਾਹੜੇ ਨਾ ਹੁੰਦੇ ਤਾਂ ਭਾਰਤ ਦੀ ਸਰਹੱਦ ਅਟਾਰੀ ਨਾ ਹੋ ਕੇ ਦਿੱਲੀ ਪਾਰ ਹੋਣੀ ਸੀ। ਜੇ ਅੱਜ ਭਾਰਤ ਦੀ ਸਰਹੱਦ ਅਟਾਰੀ ਹੈ ਤਾਂ ਉਹ ਸਿੱਖਾਂ ਦੀ ਬਦੌਲਤ ਹੀ ਹੈ।ਉਹਨਾਂ ਇਸ ਗੱਲ ਤੇ ਬੇਹਦ ਦੁਖ ਪ੍ਰਗਟ ਕੀਤਾ ਕਿ ਹਰਿਆਣੇ ਦੇ ਸਰਕਾਰੀ ਦਫਤਰਾਂ ਵਿੱਚ ਪੱਗ ਤੇ ਖੁੱਲ੍ਹੇ ਦਾਹੜੇ ਵਾਲਿਆ ਨੂੰ ਤ੍ਰਿਸਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਨਫਰਤ ਦਾ ਪਾਤਰ ਮੰਨ ਲਿਆ ਜਾਂਦਾ ਹੈ। ਜਥੇਦਾਰ ਨੇ ਕਿਹਾ ਕਿ ਇਸ ਦਾ ਮੁੱਖ ਕਾਰਨ ਇਹ ਹੈ ਕਿ ਸਾਡੇ ਵਿਚ ਏਕਤਾ ਨਹੀਂ ਹੈ। ਅੱਜ ਆਪੋ ਆਪਣੇ ਮਤਭੇਦ ਭੁਲਾ ਕੇ ਇਕੱਠੇ ਹੋਣ ਦੀ ਲੋੜ ਹੈ। ਉਹਨਾਂ ਇਹ ਸੰਮੇਲਨ ਕਰਵਾਉਣ ਲਈ ਹਰਿਆਣਾ ਸਿੱਖ ਏਕਤਾ ਦਲ ਨੂੰ ਧਨਵਾਦ ਕਰਦਿਆਂ ਕਿਹਾ ਕਿ ਜਿਹੜੀ ਪਾਰਟੀ ਸਾਡੀਆਂ ਹੱਕੀ ਮੰਗਾ ਪੂਰੀਆਂ ਨਹੀਂ ਕਰਦੀ ਉਸ ਨੂੰ ਸਿੱਖ ਨਾ ਤੇ ਵੋਟ ਦੇਣ ਤੇ ਨਾ ਹੀ ਨੋਟ ਦੇਣ।

Leave a Reply

Your email address will not be published. Required fields are marked *