ਚੰਡੀਗੜ੍ਹ, 8 ਸਤੰਬਰ, ਬੋਲੇ ਪੰਜਾਬ ਬਿਊਰੋ :
4 ਵਿਧਾਨ ਸਭਾ ਸੀਟਾਂ ਲਈ ਹੋਣ ਵਾਲੀਆਂ ਉਪ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਰਿਹਾ ਹੈ। ਅਕਾਲੀ ਦਲ ਨੇ ਹੁਣ ਪੂਰੇ ਸੂਬੇ ‘ਚ ਬਿਜਲੀ ਸਬਸਿਡੀ ਖਤਮ ਕਰਨ, ਪੈਟਰੋਲ ਡੀਜ਼ਲ ‘ਤੇ ਵੈਟ ਵਧਾਉਣ ਅਤੇ ਸੂਬੇ ‘ਚ ਵਧ ਰਹੇ ਅਪਰਾਧ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਬਣਾਇਆ ਹੈ।
ਇਹ ਪ੍ਰੋਗਰਾਮ ਮੰਗਲਵਾਰ ਨੂੰ ਲੁਧਿਆਣਾ ਤੋਂ ਸ਼ੁਰੂ ਹੋਵੇਗਾ। ਪਾਰਟੀ ਪ੍ਰਧਾਨ ਬਲਵਿੰਦਰ ਸਿੰਘ ਭੂਦੜ ਨੇ ਕਿਹਾ ਕਿ ਉਹ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ। ਉਨ੍ਹਾਂ ਸਮੂਹ ਅਕਾਲੀ ਆਗੂਆਂ ਅਤੇ ਸਮਰਥਕਾਂ ਨੂੰ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸਰਕਾਰ ਦਾ ਪਰਦਾਫਾਸ਼ ਕੀਤਾ ਜਾਵੇਗਾ।ਪ੍ਰਦਰਸ਼ਨ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੂਰੀ ਵਿਉਂਤਬੰਦੀ ਕੀਤੀ ਗਈ ਹੈ। ਇਹ ਰੋਸ ਪ੍ਰਦਰਸ਼ਨ 10 ਸਤੰਬਰ ਤੋਂ 23 ਸਤੰਬਰ ਤੱਕ ਚੱਲੇਗਾ। 10 ਸਤੰਬਰ ਨੂੰ ਲੁਧਿਆਣਾ, 11 ਸਤੰਬਰ ਨੂੰ ਫਿਰੋਜ਼ਪੁਰ, 12 ਸਤੰਬਰ ਨੂੰ ਫਾਜ਼ਿਲਕਾ, 13 ਸਤੰਬਰ ਨੂੰ ਮੋਗਾ, 16 ਸਤੰਬਰ ਨੂੰ ਸ੍ਰੀ ਮੁਕਤਸਰ ਸਾਹਿਬ, 17 ਸਤੰਬਰ ਨੂੰ ਬਠਿੰਡਾ, 18 ਸਤੰਬਰ ਨੂੰ ਮਾਨਸਾ, 19 ਸਤੰਬਰ ਨੂੰ ਸੰਗਰੂਰ, 20 ਸਤੰਬਰ ਨੂੰ ਬਰਨਾਲਾ ਵਿਖੇ ਅਤੇ 23 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਨਗਰ ਵਿਖੇ ਪ੍ਰਦਰਸ਼ਨ ਕੀਤੇ ਜਾਣਗੇ।